ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 26 ਸਤੰਬਰ
ਪਿੰਡ ਧੂੰਦਾ ਦੇ ਆਮ ਆਦਮੀ ਪਾਰਟੀ ਦੇ ਮੈਂਬਰ ਪੰਚਾਇਤ ਦੀ ਲਗਜ਼ਰੀ ਕਾਰ ਵਿੱਚ ਸਸਤੀ ਕਣਕ ਲੈਕੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਖੂਬ ਵਾਇਰਲ ਹੋ ਰਹੀ ਹੈ। ਜਾਣਾਕਰੀ ਅਨੁਸਾਰ ਵੀਡਿਓ ਪਿੰਡ ਧੂੰਦਾ ਦੇ ਕਿਸੇ ਵਿਅਕਤੀ ਵੱਲੋ ਬਣਾਈ ਗਈ ਹੈ ਜਿਸ ਵਿੱਚ ਜਗਜੀਤ ਸਿੰਘ ਜੱਗਾ ਨਾਂ ਦਾ ਪੰਚਾਇਤ ਮੈਂਬਰ ਜੋ ਆਮ ਆਦਮੀ ਪਾਰਟੀ ਦਾ ਆਗੂ ਦੱਸਿਆ ਜਾ ਰਿਹਾ, ਆਪਣੀ ਲਗਜ਼ਰੀ ਕਾਰ ਵਿੱਚ ਸਰਕਾਰੀ ਕਣਕ ਦੀ ਵੰਡ ਦੌਰਾਨ ਕਾਰ ਵਿੱਚ ਕਣਕ ਦੇ ਤੋੜੇ ਰੱਖਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਵਿੱਚ ਪੰਚਾਇਤ ਮੈਂਬਰ ਡਿਪੂ ਹੋਲਡਰ ਨੂੰ ਪਹਿਲਾ ਕਣਕ ਦੇਣ ਦੀ ਗੱਲ ਕਰ ਰਿਹਾ ਹੈ ਅਤੇ ਸਾਫ ਕਣਕ ਉਸ ਦੀ ਗੱਡੀ ਵਿੱਚ ਰੱਖਣ ਦੀ ਹਦਾਇਤ ਦੇ ਰਿਹਾ ਹੈ।
ਇਸ ਸਬੰਧੀ ਜਦੋਂ ਸੰਬਧਿਤ ਮੈਂਬਰ ਪੰਚਾਇਤ ਜਗਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਸਤੀ ਕਣਕ ਲੈਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਪੰਚਾਇਤ ਮੈਂਬਰ ਵਜੋਂ ਚੁਣੇ ਗਏ ਸਨ ਪਰ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੇ ਕਾਰਣ ਕਿਸੇ ਵਿਰੋਧੀ ਵੱਲੋ ਬਦਨਾਮ ਕਰਨ ਦੀ ਮੰਨਸ਼ਾ ਨਾਲ ਇਹ ਵੀਡਿਓ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਗਈ ਹੈ। ਉਨ੍ਹਾਂ ਕਹਾ ਕਿ ਪਿੰਡ ਦੇ ਕਈ ਹੋਰ ਮੋਹਤਬਰ ਅਤੇ ਰਸੂਖ਼ਦਾਰ ਵਿਅਕਤੀ ਵੀ ਸਰਕਾਰੀ ਕਣਕ ਦਾ ਲਾਭ ਲੈ ਰਹੇ ਹਨ ਜਿਸ ਸੰਬਧੀ ਉਹਨਾ ਕੋਲ ਲਿਸਟ ਪਈ ਹੋਈ ਹੈ ਜਿਸਨੂੰ ਉਹ ਜਲਦੀ ਜਨਤਕ ਕਰਨਗੇ।