ਪੱਤਰ ਪ੍ਰੇਰਕ
ਮਾਨਸਾ, 20 ਜਨਵਰੀ
ਪੰਜਾਬ ਕਿਸਾਨ ਯੂਨੀਅਨ ਵੱਲੋਂ ਪਿੰਡ ਹੀਰੇਵਾਲਾ ਵਿੱਚ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਹੇਵੰਦ ਦੱਸਣ ਵਾਲੀ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦੀ ਚੇਅਰਮੈਨ ਕਿ੍ਸਟੀਨਾ ਜੌਰਜੀਵਾ ਦਾ ਪੁਤਲਾ ਸੜਿਆ ਗਿਆ। ਜਥੇਬੰਦੀ ਨੇ ਪਿੰਡ ਹੀਰੇਵਾਲਾ, ਸਹਾਰਨਾ, ਡੇਲੂਆਣਾ, ਨੰਗਲ ਕਲਾਂ ਤੇ ਖਾਰਾ ਵਿੱਚ 26 ਜਨਵਰੀ ਦੀ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਤਿਆਰੀ ਵੱਜੋਂ ਰਿਹਾਸਿਲ ਮਾਰਚ ਕੱਢਿਆ ਗਿਆ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਟਰੈਕਟਰਾਂ ਸਮੇਤ ਹਿੱਸਾ ਲਿਆ। ਇਸ ਮਾਰਚ ਦੀ ਅਗਵਾਈ ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੁਰਜੀਤ ਸਿੰਘ ਕੋਟਧਰਮੂ, ਗੁਰਜੰਟ ਸਿੰਘ ਮਾਨਸਾ, ਕੇਵਲ ਸਿੰਘ ਹੀਰੇਵਾਲਾ, ਕੁਲਵੰਤ ਸਿੰਘ ਹੀਰੇਵਾਲਾ ਜੱਗਾ ਸਿੰਘ ਪੰਚਾਇਤ ਮੈਂਬਰ ਹੀਰੇਵਾਲਾ ਨੇ ਕੀਤੀ। ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਵੱਲੋਂ ਦਿੱਤੇ ਬਿਆਨ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਹ ਬਿਆਨ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਸਾਮਰਾਜੀ ਸੰਸਥਾਵਾਂ ਦੀ ਸਿੱਧੀ ਦਖਲ ਅੰਦਾਜੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਮਰਾਜੀ ਤਾਕਤਾਂ ਨੇ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਖੜ੍ਹ ਕੇ ਦੇਸ਼ ਵਿਆਪੀ ਵਿਰੋਧ ਦਾ ਸਾਹਮਣਾ ਕਰ ਰਹੀ ਮੋਦੀ ਸਰਕਾਰ ਦੀ ਪਿੱਠ ਥਾਪੜੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਦੀ ਆੜ ਹੇਠ ਖੇਤੀ ਨੂੰ ਸਾਮਰਾਜੀ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ।
ਸ਼ਹਿਣਾ (ਪੱਤਰ ਪ੍ਰੇਰਕ): ਬਲਾਕ ਸ਼ਹਿਣਾ ਦੇ ਪਿੰਡ ਮੱਲੀਆਂ ਵਿੱਚ ਕੇਂਦਰ ਸਰਕਾਰ, ਕਾਰਪੋਰੇਟ ਘਰਾਣਿਆਂ, ਵਿਸ਼ਵ ਵਪਾਰ ਸੰਸਥਾ ਅਤੇ ਕੌਮਾਂਤਰੀ ਮੁਦਰਾ ਫੰਡ ਦੇ ਪੁਤਲੇ ਸਾੜੇ ਗਏ। ਇਸ ਮੌਕੇ ਜਗਤਾਰ ਸਿੰਘ, ਰਾਜਵਿੰਦਰ ਸਿੰਘ ਮੱਲ੍ਹੀ, ਆਤਮਾ ਸਿੰਘ ਤੇ ਗੁਰਦਰਸ਼ਨ ਸਿੰਘ ਮੁਦਰਾ ਕੋਸ਼ ਵੱਲੋਂ ਦਿੱਤਾ ਬਿਆਨ ਮੋਦੀ ਸਰਕਾਰ ਨੂੰ ਹੱਲਾ ਸ਼ੇਰੀ ਦੇਣ ਵਾਲਾ ਹੈ।ਇਸੇ ਤਰ੍ਹਾਂ ਇਥੋਂ ਬੀਬੀਆਂ ਅਤੇ ਕਿਸਾਨਾਂ ਦਾ ਵੱਡਾ ਜਥਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਦੀ ਅਗਵਾਈ ਹੇਠ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਜਥੇਬੰਦੀ ਦਾ ਇਹ ਪੰਜਵਾਂ ਜੱਥਾ ਸੀ, ਜੋ ਕਿਸਾਨ ਪਰੇਡ ਵਿੱਚ ਸ਼ਾਮਲ ਹੋਵੇਗਾ।