ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 22 ਜਨਵਰੀ
ਦਿੜ੍ਹਬਾ ਵਿੱਚ ਲੁਟੇਰੇ ਬਾਜ਼ਾਰ ਵਿੱਚ ਕਰਿਆਨੇ ਦੀ ਦੁਕਾਨ ਤੋਂ ਹਥਿਆਰ ਦਿਖਾ ਕੇ ਦੁਕਾਨਦਾਰ ਤੋਂ ਨਕਦੀ ਖੋਹ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਦਿੜ੍ਹਬਾ ਦੇ ਮੁੱਖ ਬਾਜ਼ਾਰ ’ਚ ਪਿੰਡ ਬਾਸੀਅਰਕ ਵਾਲਿਆਂ ਦੀ ਦੁਕਾਨ ’ਤੇ ਲੁਟੇਰੇ ਦੁਕਾਨ ਅੰਦਰ ਉਸ ਸਮੇਂ ਦਾਖਲ ਹੋਏ ਜਦੋਂ ਉਹ ਦੁਕਾਨ ਬੰਦ ਕਰ ਰਹੇ ਸਨ। ਅੰਦਰ ਦਾਖਲ ਹੁੰਦਿਆਂ ਹੀ ਲੁਟੇਰੇ ਦੁਕਾਨਦਾਰ ਨੂੰ ਹਥਿਆਰ ਦਿਖਾ ਕੇ ਨਕਦੀ ਲੁੱਟ ਕੇ ਫਰਾਰ ਹੋ ਗਏ। ਦੁਕਾਨ ਦੇ ਮਾਲਕ ਹੁਸਨ ਕੁਮਾਰ ਨੇ ਦੱਸਿਆ ਕਿ ਦੁਕਾਨ ਬੰਦ ਕਰਨ ਵੇਲੇ ਦੋ ਨੌਜਵਾਨ ਦੁਕਾਨ ’ਚ ਆਏ ਜਿਨ੍ਹਾਂ ਵਿੱਚੋਂ ਇੱਕ ਨੇ ਚੀਨੀ ਖ਼ਰੀਦਣ ਦਾ ਬਹਾਨਾ ਲਾਇਆ ਤੇ ਦੂਸਰੇ ਨੇ ਦੁਕਾਨ ਦਾ ਸ਼ਟਰ ਥੱਲੇ ਸੁੱਟ ਦਿੱਤਾ, ਜਦੋਂਕਿ ਦੂਜੇ ਨੇ ਦੁਕਾਨ ’ਚ ਪਈ ਸਾਰੀ ਨਕਦੀ ਉਸ ਦੇ ਹਵਾਲਾ ਕਰਨ ਲਈ ਕਿਹਾ ਤੇ ਅਜਿਹਾ ਨਾ ਕਰਨ ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਤੇ ਲੁਟੇਰੇ ਗੱਲੇ ਵਿੱਚੋਂ ਸਾਰੀ ਨਕਦੀ ਲੈ ਕੇ ਫਰਾਰ ਹੋ ਗਏ। ਗੱਲੇ ’ਚ ਕਰੀਬ 20 ਹਜ਼ਾਰ ਰੁਪਏ ਸੀ। ਥਾਣਾ ਦਿੜ੍ਹਬਾ ਦੇ ਮੁਖੀ ਪ੍ਰਤੀਕ ਜਿੰਦਲ ਪੁਲੀਸ ਪਾਰਟੀ ਸਣੇ ਪੁੱਜੇ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਲੁਟੇਰਿਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਉਧਰ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਹਲਕਾ ਦਿੜ੍ਹਬਾ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਵਾਰਦਾਤ ਵਾਲੀ ਦੁਕਾਨ ’ਤੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ’ਚ ਅਸਫ਼ਲ ਹੋ ਰਹੀ ਹੈ।