ਪੱਤਰ ਪ੍ਰੇਰਕ
ਗੁਰਦਾਸਪੁਰ, 27 ਸਤੰਬਰ
ਰੇਤਾ ਨਿਕਾਸੀ ਅਤੇ ਬਜ਼ਰੀ ਕਾਰੋਬਾਰ ਬੰਦ ਹੋਣ ਕਾਰਨ ਪੈਦਾ ਗੰਭੀਰ ਹਾਲਾਤ ਦੇ ਹੱਲ ਲਈ ਭਰਾਤਰੀ ਜਥੇਬੰਦੀਆਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਉੱਤੇ ਦਬਾਅ ਬਣਾਉਣ ਦੇ ਉਦੇਸ਼ ਨਾਲ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਇੱਕਤਰਤਾ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਰੇਤਾ ਬਜ਼ਰੀ ਸੰਘਰਸ਼ ਮੋਰਚਾ ਦਾ ਗਠਨ ਕਰਕੇ ਸੰਘਰਸ਼ ਦੀ ਰੂਪਰੇਖਾ ਐਲਾਨੀ ਗਈ ਅਤੇ ਮੰਗ ਕੀਤੀ ਕਿ ਨਜਾਇਜ਼ ਮਾਈਨਿੰਗ ਦੇ ਨਾਂ ਉੱਤੇ ਰੇਤਾ ਨਿਕਾਸੀ ਤੇ ਬਜ਼ਰੀ ਕਾਰੋਬਾਰ ਉੱਪਰ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਵਿਖੇ ਲਗਾਈ ਪਾਬੰਧੀ ਵਾਪਸ ਲਈ ਜਾਵੇ ਅਤੇ ਜਾਇਜ਼ ਮਾਈਨਿੰਗ ਤੁਰੰਤ ਚਾਲੂ ਕਰਵਾਈ ਜਾਵੇ। ਸੰਕਟ ਦੇ ਪੱਕੇ ਹੱਲ ਤੱਕ ਜੰਮੂ-ਕਸ਼ਮੀਰ,ਹਿਮਾਚਲ ਅਤੇ ਹੋਰਨਾਂ ਥਾਵਾਂ ਤੋਂ ਰੇਤਾ ਬਜਰੀ ਲਿਆਉਣ ਦੀ ਪੂਰਨ ਖੁੱਲ੍ਹ ਦਿੱਤੀ ਜਾਵੇ। ਬਲਬੀਰ ਰੰਧਾਵਾ ਨੇ ਦੱਸਿਆ ਕਿ ਸੰਘਰਸ਼ ਦੇ ਪਹਿਲੇ ਪੜਾਅ ਤਹਿਤ ਕਾਰੋਬਾਰ ਨਾਲ ਜੁੜੇ ਲੋਕ ਛੇ ਅਕਤੂਬਰ ਨੂੰ ਜਰਨੈਲੀ ਸੜਕ ਗੁਰਦਾਸਪੁਰ ਬਾਈਪਾਸ ਉੱਪਰ ਸਵੇਰੇ 11 ਤੋਂ ਦੁਪਹਿਰ ਤਿੰਨ ਵਜੇ ਤੱਕ ਟਰੱਕ, ਟਿੱਪਰ, ਟਰੈਕਟਰ-ਟਰਾਲੀਆਂ ਅਤੇ ਹੋਰ ਮਸ਼ੀਨਰੀ ਖੜ੍ਹੀ ਕਰਕੇ ਰੋਸ ਦਾ ਪ੍ਰਗਟਾਵਾ ਕਰਨਗੇ।
ਧਾਰੀਵਾਲ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵੱਡੇ ਵੱਡੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ।