ਪੱਤਰ ਪ੍ਰੇਰਕ
ਫ਼ਰੀਦਕੋਟ, 18 ਸਤੰਬਰ
ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਇਫਕੋ ਫਰੀਦਕੋਟ ਵੱਲੋਂ ਕੌਮੀ ਪੋਸ਼ਣ ਮੁਹਿੰਮ ਤਹਿਤ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਕਿਸਾਨਾਂ ਅਤੇ ਬੀਬੀਆਂ ਨੇ ਹਿੱਸਾ ਲਿਆ ਸੁਖਪ੍ਰੀਤ ਸਿੰਘ ਸਰਪੰਚ ਪਿੰਡ ਮੁਮਾਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਉਨ੍ਹਾਂ ਨੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾਉਣ ’ਤੇ ਜ਼ੋਰ ਦਿੱਤਾ। ਇਸ ਮੌਕੇ ਹਰਮੇਲ ਸਿੰਘ ਸਿੱਧੂ ਤੇ ਮਾਰਕੀਟਿੰਗ ਮੈਨੇਜਰ ਪੰਜਾਬ ਉਚੇਚੇ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਖਾਦਾਂ ਦੀ ਹੋ ਰਹੀ ਬੇਲੋੜੀ ਵਰਤੋਂ ਨੂੰ ਰੋਕ ਕੇ ਧਰਤੀ, ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਕਿਸਾਨਾਂ ਨੂੰ ਖੇਤੀ ਉਤਪਾਦਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਸਹਾਇਕ ਖੇਤਰੀ ਮੈਨੇਜਰ ਸ਼ਾਮ ਸੁੰਦਰ ਨੇ ਕਿਸਾਨਾਂ ਨੂੰ ਇਫਕੋ ਦੇ ਸਾਰੇ ਉਤਪਾਦਾਂ ਨਾਲ ਜਾਣੂ ਕਰਵਾਇਆ। ਇਸ ਮੌਕੇ ਕੇ.ਵੀ.ਕੇ ਫ਼ਰੀਦਕੋਟ ਵਿਖੇ ਪੌਦੇ ਵੀ ਲਗਾਏ ਗਏ ਅਤੇ ਸਬਜ਼ੀਆ ਦੇ ਬੀਜਾਂ ਦੀਆਂ ਕਿੱਟਾਂ ਵੀ ਕਿਸਾਨਾਂ ਨੂੰ ਵੰਡੀਆਂ ਗਈਆਂ। ਡਾ. ਗੁਰਦਰਸ਼ਨ ਸਿੰਘ ਸਹਾਇਕ ਪ੍ਰੋਫੈਸਰ ਬਾਗਬਾਨੀ ਵੱਲੋਂ ਆਰਗੈਨਿਕ ਘਰੇਲੂ ਬਗੀਚੀਆਂ ਉਗਾਉਣ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਗਈ।