ਪਾਰਸ ਵੈਂਕਟੇਸ਼ਵਰ ਰਾਓ ਜੂਨੀਅਰ
ਜਲਵਾਯੂ ਤਬਦੀਲੀ ਬਾਰੇ ਵੱਖ ਵੱਖ ਸਰਕਾਰਾਂ ਦੇ ਪੈਨਲ ਆਈਪੀਸੀਸੀ ਦੀ ਇਸ ਸਾਲ ਜਾਰੀ ਹੋਈ ਛੇਵੀਂ ਜਾਇਜ਼ਾ ਰਿਪੋਰਟ (ਏਆਰ 6) ਵਿਚ ਕੁਝ ਲਾਹੇਵੰਦ ਤੇ ਵਿਗਿਆਨਕ ਚਿਤਾਵਨੀਆਂ ਹਨ। ਵੱਡੀ ਆਫ਼ਤ ਦਾ ਰੂੂਪ ਧਾਰਨ ਕਰਨ ਵੱਲ ਵਧ ਰਹੇ ਜਲਵਾਯੂ ਸੰਕਟ ਬਾਰੇ ਗਹਿਗੱਚ ਵਿਚਾਰ ਚਰਚਾ ਕਰਦਿਆਂ ਇਨ੍ਹਾਂ ਚਿਤਾਵਨੀਆਂ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ। ਇਸ ਲਈ ਇਸ ਦਾ ਸਿਰਲੇਖ ‘ਜਲਵਾਯੂ ਤਬਦੀਲੀ 2021: ਭੌਤਿਕ ਵਿਗਿਆਨ ਤੇ ਆਧਾਰਿਤ’ ਦਿੱਤਾ ਗਿਆ ਹੈ।
ਪਹਿਲੀ ਚਿਤਾਵਨੀ ਹੈ ਕਿ ਸਨਅਤੀ ਯੁੱਗ ਤੋਂ ਪਹਿਲਾਂ ਦੇ ਪੱਧਰਾਂ ਦਾ ਕੀ ਭਾਵ ਹੈ। ਰਿਪੋਰਟ ਮੁਤਾਬਿਕ, “… ਪ੍ਰਗਟਾਈ ਗਈ ਤਪਸ਼ 1850 ਤੋਂ 1900 ਤੱਕ ਦੇ ਕਾਲ ਨਾਲ ਸੰਬੰਧਿਤ ਹੈ।” 30 ਕੁ ਸਾਲਾਂ ਦਾ ਛੋਟਾ ਵਕਫ਼ਾ ਵੀ ਹੈ ਜਿਸ ਨੂੰ ਤਾਪਮਾਨ ਵਿਚ ਵਾਧੇ ਦੇ ਪੈਮਾਨੇ ਵਜੋਂ ਵਰਤਿਆ ਜਾਂਦਾ ਹੈ। ਰਿਪੋਰਟ ਵਿਚ ਜ਼ਿਕਰ ਹੈ ਕਿ 1850-1900 ਦੇ ਅਰਸੇ ਮੁਤਾਬਕ ਮਾਨਵੀ ਗਤੀਵਿਧੀਆਂ ਕਰ ਕੇ ਵਧਿਆ ਧਰਤੀ ਦਾ ਤਾਪਮਾਨ ਅੰਦਾਜ਼ਨ ਇਕ ਡਿਗਰੀ ਸੈਲਸੀਅਸ ਤੱਕ ਵਧ ਗਿਆ ਸੀ। ਇਸ ਅੰਦਰ ਇਕ ਹੋਰ ਚਿਤਾਵਨੀ ਇਹ ਹੈ ਕਿ 2017 ਤੱਕ ਸਨਅਤੀ ਯੁੱਗ ਦੇ ਪੱਧਰਾਂ ਦੀ ਨਿਸਬਤਨ ਧਰਤੀ ਦੇ ਤਾਪਮਾਨ ਵਿਚ 0.8 ਡਿਗਰੀ ਤੋਂ ਲੈ ਕੇ 1.2 ਡਿਗਰੀ ਸੈਲਸੀਅਸ ਤੱਕ ਵਾਧਾ ਹੋ ਚੁੱਕਿਆ ਹੈ ਅਤੇ ਸਨਅਤੀ ਯੁੱਗ ਤੋਂ ਪਹਿਲੇ ਦੇ ਪੱਧਰਾਂ ਦੀ ਨਿਸਬਤ 2006 ਤੋਂ ਲੈ ਕੇ 2015 ਤੱਕ ਦੇ ਦਹਾਕੇ ਦੌਰਾਨ ਤਾਪਮਾਨ ਵਿਚ ਅੰਦਾਜ਼ਨ 0.87 ਡਿਗਰੀ ਸੈਲਸੀਅਸ (0.75 ਸੈਲਸੀਅਸ ਤੋਂ 0.99 ਸੈਲਸੀਅਸ ਤੱਕ) ਦਾ ਵਾਧਾ ਹੋਇਆ ਹੈ।” ਇਹ ਗੱਲ ਅਹਿਮ ਹੈ ਕਿ ਦਸ਼ਮਲਵ ਕਿੱਥੇ ਰੱਖਿਆ ਜਾਂਦਾ ਹੈ। ਇਸ ਨਾਲ ਚੁਣੌਤੀ ਨੂੰ ਸਮਝਣ ਅਤੇ ਸਹੀ ਜਵਾਬ ਤਲਾਸ਼ ਕਰਨ ਦਾ ਨਜ਼ਰੀਆ ਬਣਦਾ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਨ 2000 ਤੋਂ ਤਾਪਮਾਨ ਅੰਦਾਜ਼ਨ ਪੱਧਰ ਵਿਚ 20 ਫ਼ੀਸਦ ਘੱਟ/ਵੱਧ ਰਿਹਾ ਹੈ ਅਤੇ ਇਸ ਦਾ ਲੇਖਾ ਜੋਖਾ ਜ਼ਰੂਰੀ ਹੈ ਕਿਉਂਕਿ ਇਸ ਇਤਿਹਾਸਕ ਅਰਸੇ ਦੌਰਾਨ ਇਸ ਅਸਥਿਰਤਾ ਵਿਚ ਸੌਰ ਤੇ ਜਵਾਲਾਮੁਖੀ ਸਰਗਰਮੀ ਦਾ ਵੀ ਯੋਗਦਾਨ ਰਿਹਾ ਹੈ। ਦਰਅਸਲ ਇਹ ਆਗਾਹ ਕਰਨ ਵਾਲਾ ਨੋਟ ਹੈ ਜਿਸ ਵਿਚ ਇਸ ਤੱਥ ਨੂੰ ਪ੍ਰਵਾਨ ਕੀਤਾ ਗਿਆ ਹੈ ਕਿ ਮਨੁੱਖੀ ਸਰਗਰਮੀਆਂ ਤੋਂ ਇਲਾਵਾ ਵੀ ਕੁਝ ਅਜਿਹੇ ਕਾਰਕ ਹਨ ਜਿਨ੍ਹਾਂ ਨੇ ਇਸ ਅਰਸੇ ਦੌਰਾਨ ਤਾਪਮਾਨ ਵਿਚ ਵਾਧੇ ਵਿਚ ਯੋਗਦਾਨ ਪਾਇਆ ਹੈ। ਅਸਿੱਧੇ ਤੌਰ ਤੇ ਪ੍ਰਵਾਨ ਕੀਤਾ ਗਿਆ ਹੈ ਕਿ ਸਾਡੇ ਕੋਲ ਅਜੇ ਤੱਕ ਸੂਰਜੀ ਤੇ ਜਵਾਲਾਮੁਖੀ ਸਰਗਰਮੀ ਦੇ ਸਹੀ ਸਹੀ ਅੰਕੜੇ ਨਹੀਂ ਹਨ।
ਦੂਜੀ ਚਿਤਾਵਨੀ ਆਲਮੀ ਤਪਸ਼ ਦੇ ਉਤਰਾਅ ਚੜ੍ਹਾਅ ਨਾਲ ਜੁੜੀ ਹੈ। ਰਿਪੋਰਟ ਵਿਚ ਆਲਮੀ ਤਪਸ਼ ਨੂੰ 30 ਸਾਲਾਂ ਦੇ ਅਰਸੇ ਦੌਰਾਨ ਧਰਤੀ ਦੀ ਸਮੁੱਚੀ ਵਾਯੂ ਤੇ ਸਮੁੰਦਰੀ ਸਤਹ ਦੇ ਔਸਤ ਤਾਪਮਾਨ ਵਿਚ ਵਾਧੇ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ ਹਾਲਾਂਕਿ ਇਹ ਗੱਲ ਮੰਨੀ ਗਈ ਹੈ ਕਿ ਸਮੁੰਦਰੀ ਸਤਹ ਦੇ ਮੁਕਾਬਲੇ ਜ਼ਮੀਨੀ ਸਤਹ ਦੇ ਤਾਪਮਾਨ ਵਿਚ ਜ਼ਿਆਦਾ ਵਾਧਾ ਦਰਜ ਹੋਇਆ ਹੈ। ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਜ਼ਮੀਨੀ ਖੇਤਰਾਂ ਵਿਚ ਆਲਮੀ ਔਸਤ ਨਾਲੋਂ ਜ਼ਿਆਦਾ ਤਪਸ਼ ਰਹੀ ਹੈ ਜਦਕਿ ਜ਼ਿਆਦਾਤਰ ਸਮੁੰਦਰੀ ਖੇਤਰਾਂ ਵਿਚ ਨਿਸਬਤਨ ਘੱਟ ਤਪਸ਼ ਦਰਜ ਕੀਤੀ ਗਈ ਹੈ।
ਇਸ ਤੋਂ ਬਾਅਦ ਰਹੱਸਮਈ ਅਤੇ ਸਿਆਸੀ ਤੌਰ ਤੇ ਵਿਵਾਦਪੂਰਨ ਚਿਤਾਵਨੀ ਹੈ: “ਅਤੀਤ ਵਿਚ ਗੈਸਾਂ ਖਾਰਜ ਹੋਣ ਕਾਰਨ ਔਸਤਨ ਤਾਪਮਾਨ ਵਿਚ ਵਾਧਾ ਸਨਅਤੀ ਯੁੱਗ ਤੋਂ ਪਹਿਲਾਂ ਦੇ ਪੱਧਰਾਂ ਮੁਕਾਬਲੇ 1.5 ਫ਼ੀਸਦ ਤੋਂ ਵਧਣ ਦੇ ਆਸਾਰ ਨਹੀਂ ਹਨ ਪਰ ਇਸ ਨਿਕਾਸੀ ਕਰ ਕੇ ਸਮੁੰਦਰੀ ਸਤਹਿ ਵਿਚ ਵਾਧੇ ਜਿਹੀਆਂ ਤਬਦੀਲੀਆਂ ਆਉਣ ਦਾ ਖ਼ਤਰਾ ਜ਼ਿਆਦਾ ਹੈ।” ਜੇ ਮਨੁੱਖੀ ਸਰਗਰਮੀਆਂ ਕਰ ਕੇ ਗੈਸਾਂ ਦੀ ਨਿਕਾਸੀ ਫੌਰੀ ਬੰਦ ਕਰ ਦਿੱਤੀ ਜਾਵੇ ਤਾਂ ਅਗਲੇ ਦੋ ਤਿੰਨ ਦਹਾਕਿਆਂ ਦੌਰਾਨ ਤਾਪਮਾਨ ਵਿਚ ਵਾਧਾ 0.5 ਡਿਗਰੀ ਸੈਲਸੀਅਸ ਤੋਂ ਨਹੀਂ ਵਧੇਗਾ ਅਤੇ ਸਦੀ ਦੇ ਅੰਤ ਤੱਕ ਇਸ ਦੇ 0.5 ਡਿਗਰੀ ਸੈਲਸੀਅਸ ਤੋਂ ਘੱਟ ਰਹਿਣ ਦੇ ਆਸਾਰ ਹਨ। ਰਿਪੋਰਟ ਦਾ ਉਤਸ਼ਾਹੀ ਸਿੱਟਾ ਹੈ: “ਜਲਵਾਯੂ ਸੰਕਟ ਦੇ ਹੱਲ ਬਾਰੇ ਮੌਜੂਦਾ ਗਿਆਨ ਮੁਤਾਬਕ 1.5 ਡਿਗਰੀ ਸੈਲਸੀਅਸ ਮਾਰਗ ਤੋਂ ਭਾਵ ਹੈ, ਪੰਜਾਹ ਤੋਂ ਸੱਤਰ ਫ਼ੀਸਦ ਤੱਕ ਆਸਾਰ ਹਨ ਕਿ ਧਰਤੀ ਦੇ ਤਾਪਮਾਨ ਵਿਚ ਵਾਧਾ 1.5 ਡਿਗਰੀ ਸੈਲਸੀਅਸ ਤੋਂ ਹੇਠਾਂ ਰਹੇਗਾ ਜਾਂ ਇਸ ਵਿਚ ਥੋੜ੍ਹੇ ਸਮੇਂ ਲਈ ਤਿੱਖਾ ਵਾਧਾ ਹੋਣ ਮਗਰੋਂ 2100 ਸਾਲ ਤੱਕ ਇਹ ਮੁੜ 1.5 ਡਿਗਰੀ ਸੈਲਸੀਅਸ ਤੇ ਪਰਤ ਆਵੇ। ਬਿਨਾ ਸ਼ੱਕ ਇਸ ਵਿਚ ਥੋੜ੍ਹੇ ਸਮੇਂ ਲਈ ਤਿੱਖਾ ਵਾਧਾ ਹੋਣਾ ਗੰਭੀਰ ਖ਼ਤਰੇ ਵਾਲੀ ਗੱਲ ਹੈ ਪਰ ਇਹ ਵੱਧ ਤੋਂ ਵੱਧ 1.5 ਡਿਗਰੀ ਸੈਲਸੀਅਸ ਦੇ ਵਾਧੇ ਤੇ ਪਰਤ ਆਵੇਗਾ।
ਇਹ ਦਲੀਲ ਵੀ ਦਿੱਤੀ ਹੈ ਕਿ ਗੈਸਾਂ ਦੀ ਸਮੁੱਚੀ ਨਿਕਾਸੀ ਦੇ ਅਸਰ ਨੂੰ ਸੀਮਤ ਕਰਨ ਦੇ ਦੋ ਤਰੀਕੇ ਹਨ। ਇਕ ਹੈ ਰੋਕਥਾਮ ਦੇ ਕਦਮ ਉਠਾਉਣਾ ਅਤੇ ਦੂਜਾ ਹੈ ਇਸ ਦੇ ਇਲਾਜ ਦੇ ਉਪਰਾਲੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ “ਆਲਮੀ ਤਪਸ਼ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਅਤੇ ਇਸ ਦੇ ਸਿੱਟਿਆਂ ਮੁਤਾਬਕ ਢਲਣ ਦੇ ਸਵਾਲ ਦਾ ਕੋਈ ਇਕਹਿਰਾ ਜਵਾਬ ਨਹੀਂ ਹੈ।” ਆਲਮੀ ਤਪਸ਼ ਵਿਚ 1.5 ਡਿਗਰੀ ਸੈਲਸੀਅਸ ਅਤੇ 2 ਡਿਗਰੀ ਸੈਲਸੀਅਸ ਤਕ ਵਾਧੇ ਨਾਲ ਪੈਦਾ ਹੋਣ ਵਾਲੇ ਵੱਖੋ ਵੱਖਰੇ ਜਲਵਾਯੂ ਮੰਜ਼ਰਾਂ ਦਾ ਨਕਸ਼ਾ ਵਾਹਿਆ ਗਿਆ ਹੈ। ਮਿਸਾਲ ਦੇ ਤੌਰ ਤੇ ਆਰਕਟਿਕ ਜਾਂ ਉੱਤਰੀ ਧਰੁਵ ਮਹਾਸਾਗਰ ਦੇ ਬਰਫ਼ ਮੁਕਤ ਹੋਣ ਦੀ ਤਸਵੀਰ ਇੰਝ ਖਿੱਚੀ ਗਈ ਹੈ: “ਇਸ ਦੇ ਖਿਆਲੀ ਮਾਡਲ ਦਰਸਾਉਂਦੇ ਹਨ ਕਿ ਆਲਮੀ ਤਪਸ਼ ਵਿਚ 2 ਡਿਗਰੀ ਸੈਲਸੀਅਸ ਵਾਧਾ ਹੋਣ ਨਾਲ ਹਰ ਦਸ ਸਾਲ ਵਿਚ ਇਕ ਸਾਲ ਗਰਮੀਆਂ ਦੇ ਸੀਜ਼ਨ ਵਿਚ ਆਰਕਟਿਕ ਮਹਾਸਾਗਰ ਬਰਫ਼ ਤੋਂ ਵਿਰਵਾ ਰਹਿ ਸਕਦਾ ਹੈ ਜਦਕਿ ਆਲਮੀ ਤਪਸ਼ ਵਿਚ 1.5 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਇਹ ਦਰ ਹਰ ਸੌ ਸਾਲਾਂ ਵਿਚ ਇਕ ਸਾਲ ਤੱਕ ਘਟ ਕੀਤੀ ਜਾ ਸਕਦੀ ਹੈ।”
ਜਲਵਾਯੂ ਤਬਦੀਲੀ ਬਾਰੇ ਚੱਲ ਰਹੀਆਂ ਵਾਰਤਾਵਾਂ ਵਿਚ ਜੋ ਨਵਾਂ ਪਹਿਲੂ ਉਭਰਿਆ ਹੈ, ਉਹ ਹੈ ਜਲਵਾਯੂ ਤੇ ਵਾਤਾਵਰਨ ਦੇ ਨਿਘਾਰ ਵਿਚ ਖੇਤੀਬਾੜੀ ਦੀ ਢਾਹੂ ਭੂਮਿਕਾ। ਆਮ ਤਰਕ ਇਹ ਰਿਹਾ ਹੈ ਕਿ ਜਲਵਾਯੂ ਸੰਕਟ ਲਈ ਜੋ ਬੁਰਾਈ ਜ਼ਿੰਮੇਵਾਰ ਹੈ, ਉਹ ਹੈ ਯੂਰੋਪ ਵਿਚ ਅਠਾਰਵੀਂ ਸਦੀ ਦੇ ਅੰਤ ਵਿਚ ਸ਼ੁਰੂ ਹੋਈ ਸਨਅਤੀ ਕ੍ਰਾਂਤੀ। ਇਸੇ ਕਰ ਕੇ ਕਾਰਬਨ ਗੈਸਾਂ ਦੀ ਨਿਕਾਸੀ ਸਨਅਤੀ ਯੁੱਗ ਤੋਂ ਪਹਿਲਾਂ ਦੇ ਪੱਧਰਾਂ ਤੱਕ ਘਟਾਉਣ ਬਾਰੇ ਗੱਲਬਾਤ ਹੋ ਰਹੀ ਹੈ ਪਰ ਹੁਣ ਪ੍ਰਤੱਖ ਹੈ ਕਿ ਪਿਛਲੇ ਸੌ ਸਾਲਾਂ ਦੌਰਾਨ ਪਸ਼ੂ ਪਾਲਣ ਸਮੇਤ ਵੱਡੇ ਪੱਧਰ ਤੇ ਕੀਤੀ ਜਾਣ ਵਾਲੀ ਖੇਤੀਬਾੜੀ ਨੇ ਤਾਪ ਵਧਾਊ (ਗਰੀਨ ਹਾਊਸ) ਗੈਸਾਂ ਦੀ ਨਿਕਾਸੀ ਵਿਚ ਵੱਡਾ ਯੋਗਦਾਨ ਪਾਇਆ ਹੈ। ਇਸ ਲਈ ਹੁਣ ਜਲਵਾਯੂ ਦੀ ਹਾਲਤ ਨੂੰ ਮੋੜਾ ਦੇਣ ਲਈ ਖੇਤੀਬਾੜੀ ਨੂੰ ਨਿਯਮਤ ਤੇ ਸੀਮਤ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਬਿਨਾ ਸ਼ੱਕ, ਕੁਝ ਕਾਰਕੁਨ ਇਹ ਦਲੀਲ ਦੇਣਗੇ ਕਿ ਇਸ ਸਮੱਸਿਆ ਲਈ ਕਸੂਰਵਾਰ ਖੇਤੀਬਾੜੀ ਨਹੀਂ ਸਗੋਂ ਖੇਤੀਬਾੜੀ ਦਾ ਸਨਅਤੀਕਰਨ ਹੈ।
ਜਲਵਾਯੂ ਸਾਇੰਸਦਾਨਾਂ ਨੇ ਅਜੇ ਤੱਕ ਇਸ ਬਾਰੇ ਕੁਝ ਨਹੀਂ ਆਖਿਆ ਪਰ ਜੋ ਨਵਾਂ ਮੰਜ਼ਰ ਉਭਰਿਆ ਹੈ, ਉਸ ਵਿਚ ਇਸ ਨਾਲ ਜੁੜੇ ਧਾਰਮਿਕ ਤੇ ਰੂਮਾਨੀ ਭਾਵ ਲਈ ਕੋਈ ਥਾਂ ਨਹੀਂ ਬਚੀ ਹੈ। ਕਾਰਬਨ ਗੈਸਾਂ ਦੀ ਨਿਕਾਸੀ ਸੀਮਤ ਕਰਨ ਦੇ ਉਪਰਾਲਿਆਂ ਮੁਤੱਲਕ ਲਏ ਜਾਣ ਵਾਲੇ ਫ਼ੈਸਲੇ ਸਿਆਸੀ ਤੌਰ ਤੇ ਕਾਫ਼ੀ ਵਿਵਾਦਪੂਰਨ ਬਣ ਗਏ ਹਨ। ਆਲਮੀ ਤਪਸ਼ ਵਿਚ ਵਾਧਾ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਦੇ ਹੱਕ ਵਿਚ ਦਲੀਲ ਦਿੱਤੀ ਜਾ ਰਹੀ ਹੈ ਅਤੇ ਵਾਅਦਾ ਕੀਤਾ ਜਾ ਰਿਹਾ ਹੈ ਕਿ ਇਹ ਵਾਧਾ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਦੇ ਉਦੇਸ਼ਾਂ ਅਤੇ ਗਰੀਬੀ ਨਿਵਾਰਨ ਦੇ ਟੀਚਿਆਂ ਨਾਲ ਮੇਲ ਵੀ ਖਾਂਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ- “ਆਲਮੀ ਤਪਸ਼ ਵਿਚ ਵਾਧਾ ਸਨਅਤੀ ਯੁੱਗ ਤੋਂ ਪਹਿਲਾਂ ਦੇ ਪੱਧਰ ਨਾਲੋਂ 2 ਡਿਗਰੀ ਸੈਲਸੀਅਸ ਦੀ ਬਜਾਏ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਨਾਲ ਟਿਕਾਊ ਵਿਕਾਸ ਦੇ ਬਹੁਤ ਸਾਰੇ ਟੀਚੇ ਹਾਸਲ ਕਰਨ ਵਿਚ ਸੌਖ ਹੋ ਜਾਵੇਗੀ ਤੇ ਨਾਲ ਹੀ ਗਰੀਬੀ ਨਿਵਾਰਨ ਤੇ ਨਾ-ਬਰਾਬਰੀਆਂ ਘਟਾਉਣ ਦੇ ਆਸਾਰ ਵੀ ਰੌਸ਼ਨ ਹੋ ਜਾਣਗੇ।”
ਆਈਪੀਸੀਸੀ ਦੀ ਰਿਪੋਰਟ ਦੇ ਬਾਕੀ ਹਿੱਸਿਆਂ ਵਿਚ ਊਰਜਾ ਲਈ ਕੋਲੇ, ਗੈਸ ਤੇ ਤੇਲ ਦੀ ਵਰਤੋਂ ਵਿਚ ਕਮੀ ਲਿਆਉਣ, ਬਿਜਲੀ ਪੈਦਾਵਾਰ ਵਿਚ ਕਾਰਬਨ ਦੀ ਸ਼ਿੱਦਤ ਘਟਾਉਣ ਅਤੇ ਬਿਜਲੀ ਪੈਦਾਵਾਰ ਵਿਚ ਨਵਿਆਉਣਯੋਗ ਸਰੋਤਾਂ ਦਾ ਹਿੱਸਾ ਵਧਾ ਕੇ ਕਰੀਬ 70 ਫ਼ੀਸਦ ਤੱਕ ਲਿਜਾਣ ਦੇ ਕਦਮਾਂ ਦਾ ਜ਼ਿਕਰ ਕੀਤਾ ਗਿਆ ਹੈ। ਜਿਵੇਂ ਅਸੀਂ ਜਾਣਦੇ ਹਾਂ ਖੇਤੀਬਾੜੀ ਦੇ ਟੀਚੇ ਘਟਾਉਣਾ ਜ਼ਿਆਦਾ ਮੁਸ਼ਕਿਲ ਕੰਮ ਹੋਵੇਗਾ, ਭਾਵ ਚਰਾਗਾਹਾਂ ਤੇ ਵਾਹੀਯੋਗ ਰਕਬੇ ਵਿਚ ਕਮੀ ਲਿਆ ਕੇ ਜੰਗਲਾਂ ਹੇਠਲੇ ਰਕਬੇ ਨੂੰ ਵਧਾਉਣਾ। ਸ਼ਾਇਦ ਸਨਅਤ ਅਤੇ ਖੇਤੀਬਾੜੀ ਵਿਚ ਆਧੁਨਿਕ ਪੈਦਾਵਾਰ ਦੇ ਪੈਟਰਨ ਵਿਚ ਬਦਲਾਓ ਤੋਂ ਬਿਨਾ ਹੁਣ ਹੋਰ ਕੋਈ ਚਾਰਾ ਨਹੀਂ ਹੈ ਪਰ ਜਲਵਾਯੂ ਦਾ ਏਜੰਡਾ ਦਲਦਲ ਤੇ ਟਿਕਿਆ ਹੋਇਆ ਹੈ। ਪਹਿਲਾਂ ਵੀ ਇਹ ਚਿਤਾਵਨੀ ਦਿੱਤੀ ਗਈ ਸੀ ਕਿ ਜਲਵਾਯੂ ਦੇ ਏਜੰਡੇ ਨੂੰ ਟਿਕਾਊ ਵਿਕਾਸ ਦੇ ਉਦੇਸ਼ਾਂ ਨਾਲ ਮੇਲਣਾ ਜ਼ਰੂਰੀ ਹੈ। ਅਸਲ ਵਿਚ ਇਹ ਕਿਸੇ ਵਰਗਾਕਾਰ ਨੂੰ ਗੋਲੇ ਦਾਇਰੇ ਵਿਚ ਫਿੱਟ ਕਰਨ ਵਰਗਾ ਨਾਮੁਮਕਿਨ ਕੰਮ ਹੈ।
*ਲੇਖਕ ਸੀਨੀਅਰ ਪੱਤਰਕਾਰ ਹੈ।