ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 26 ਮਈ
‘ਆਪ’ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ’ਤੇ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਨੇੜਲੇ ਪਿੰਡ ਬਹੂਰੀਆਂ ’ਚ ਪੰਚਾਇਤ ਵਿਭਾਗ 37 ਏਕੜ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਲਈ ਭਾਰੀ ਪੁਲੀਸ ਫੋਰਸ ਸਮੇਤ ਪਹੁੰਚਿਆ ਸੀ ਪਰ ਪ੍ਰਸ਼ਾਸਨ ਨੂੰ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਗੱਲਬਾਤ ਕਰਦੇ ਹੋਏ ਅਕਾਲੀ ਆਗੂ ਕੰਵਲਪ੍ਰੀਤ ਸਿੰਘ ਕਾਕੀ, ਬਲਵਿੰਦਰ ਸਿੰਘ ਗੁੰਨੋਪੁਰ, ਜਗਤਾਰ ਸਿੰਘ ਦਾਰਾ, ਗੁਰਪ੍ਰੀਤ ਸਿੰਘ ਰਿਆੜ, ਕਿਸਾਨ ਆਗੂ ਬਲਦੇਵ ਸਿੰਘ ਸੇਖਵਾਂ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਜੋ ਜ਼ਮੀਨਾਂ ਆਬਾਦ ਕੀਤੀਆਂ ਹਨ, ਉਨ੍ਹਾਂ ਵਿੱਚ ਕਦੀ ਸੰਘਣੇ ਜੰਗਲ ਅਤੇ ਦਲਦਲ ਹੁੰਦੀ ਸੀ। ਕਿਸਾਨਾਂ ਨੇ ਕਿਹਾ ਕਿ ਉਹ ਭਗਵੰਤ ਮਾਨ ਸਰਕਾਰ ਦੇ ਜ਼ਮੀਨਾਂ ਦੇ ਠੇਕੇ ਦੇਣ ਦੇ ਫ਼ੈਸਲੇ ਨਾਲ ਸਹਿਮਤ ਹਨ। ਉਨ੍ਹਾਂ ਕਿਹਾ ਕਿ ਜੇਕਰ ਜਬਰੀ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਨਤੀਜੇ ਭਿਆਨਕ ਨਿਕਲਣਗੇ। ਇਸ ਮੌਕੇ ਬੀਡੀਪੀਓ ਕਾਹਨੂੰਵਾਨ ਗੁਰਜੀਤ ਸਿੰਘ, ਡੀਐੱਸਪੀ ਕੁਲਵਿੰਦਰ ਸਿੰਘ ਅਤੇ ਕਿਸਾਨ ਆਗੂਆਂ ਵਿਚਾਲੇ ਲੰਮਾ ਸਮਾਂ ਗੱਲਬਾਤ ਹੋਈ। ਕਾਹਨੂੰਵਾਨ ਦੇ ਸਰਪੰਚ ਆਫ਼ਤਾਬ ਸਿੰਘ ਨੇ ਕਿਸਾਨਾਂ ਅਤੇ ਪ੍ਰਸ਼ਾਸਨ ਵਿੱਚ ਚੱਲੀ ਗੱਲਬਾਤ ਨੂੰ ਸੁਖਾਵੇਂ ਮੋੜ ’ਤੇ ਲਿਜਾਣ ’ਚ ਅਹਿਮ ਰੋਲ ਅਦਾ ਕੀਤਾ। ਕਿਸਾਨਾਂ ਨੇ ਹਾਈ ਕੋਰਟ ਵੱਲੋਂ ਪੰਚਾਇਤ ਦੀ ਜ਼ਮੀਨ ਦੇ ਕਬਜ਼ੇ ਰੋਕਣ ਵਾਲੇ ਹੁਕਮਾਂ ਦੀ ਕਾਪੀ ਮੌਕੇ ’ਤੇ ਪੇਸ਼ ਕਰਕੇ ਆਪਣਾ ਪੱਖ ਰੱਖਿਆ। ਇਸ ਮਗਰੋਂ ਪ੍ਰਸ਼ਾਸਨ ਦੀ ਟੀਮ ਕਿਸਾਨਾਂ ਨੂੰ 2 ਦਿਨ ਦਾ ਸਮਾਂ ਦੇ ਕੇ ਵਾਪਸ ਚਲੀ ਗਈ। ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਦੇ ਵਾਪਸ ਜਾਣ ਪਿੱਛੋਂ ਕਿਸਾਨ ਜਥੇਬੰਦੀਆਂ ਨੇ ਮੋਰਚਾ ਵੀ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕਰਕੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਪਗੜੀ ਸੰਭਾਲ ਲਹਿਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਵੱਡੀ ਗਿਣਤੀ ਕਿਸਾਨਾਂ ਸਮੇਤ ਹਾਜ਼ਰ ਸਨ।
ਭੁੱਚੋ ਖੁਰਦ ਵਾਸੀਆਂ ਨੇ ਪੰਚਾਇਤੀ ਜ਼ਮੀਨ ਛੱਡਣ ਤੋਂ ਦਿੱਤਾ ਜਵਾਬ
ਭੁੱਚੋ ਮੰਡੀ (ਪਵਨ ਗੋਇਲ): ਪਿੰਡ ਭੁੱਚੋ ਕਲਾਂ ਦੀ ਪੰਚਾਇਤ ਨੇ ਅੱਜ ਪਿੰਡ ਵਾਸੀਆਂ ਨੂੰ ਉਨ੍ਹਾਂ ਦੀ ਵਾਹੀਯੋਗ ਸਾਢੇ ਛੇ ਏਕੜ ਜ਼ਮੀਨ ਛੱਡਣ ਲਈ ਕਿਹਾ ਹੈ। ਦੂਜੇ ਪਾਸੇ ਪਿੰਡ ਭੁੱਚੋ ਖੁਰਦ ਦੇ ਲੋਕਾਂ ਨੇ ਗੁਰਦੁਆਰਾ ਪਿੱਪਲਸਰ ਵਿੱਚ ਮੀਟਿੰਗ ਕੀਤੀ ਤੇ ਪਿੰਡ ਭੁੱਚੋ ਕਲਾਂ ਦੇ ਸਰਪੰਚ ਨੂੰ ਜ਼ਮੀਨ ਛੱਡਣ ਤੋਂ ਕੋਰਾ ਜਵਾਬ ਦੇ ਦਿੱਤਾ। ਭੁੱਚੋ ਕਲਾਂ ਦੇ ਸਰਪੰਚ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਪਿੰਡ ਦੀ 16 ਏਕੜ ਜ਼ਮੀਨ ਉੱਤੇ ਭੁੱਚੋ ਖੁਰਦ ਦੇ ਲੋਕਾਂ ਕਬਜ਼ਾ ਹੈ। ਇਸ ਵਿੱਚ ਸਾਢੇ ਛੇ ਏਕੜ ਜ਼ਮੀਨ ਵਾਹੀਯੋਗ ਅਤੇ ਸਾਢੇ ਨੌਂ ਏਕੜ ਵਿੱਚ ਉਸਾਰੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਭੁੱਚੋ ਖੁਰਦ ਵਾਸੀਆਂ ਨੂੰ ਵਾਹੀਯੋਗ ਸਾਢੇ ਛੇ ਏਕੜ ਜ਼ਮੀਨ ਛੱਡਣ ਲਈ ਕਿਹਾ ਗਿਆ ਹੈ। ਇਸ ’ਚ ਢਾਈ ਏਕੜ ਜ਼ਮੀਨ ’ਤੇ ਗੁਰਦੁਆਰਾ ਕਮੇਟੀ ਕਾਬਜ਼ ਹੈ ਅਤੇ ਬਾਕੀ ਚਾਰ ਏਕੜ ’ਤੇ ਹੋਰਨਾਂ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭੁੱਚੋ ਖੁਰਦ ਦੇ ਲੋਕਾਂ ਵੱਲੋਂ ਜ਼ਮੀਨ ਨਾ ਛੱਡਣ ਦੇ ਫ਼ੈਸਲੇ ਸਬੰਧੀ ਬੀਡੀਪੀਓ ਨਥਾਣਾ ਨੂੰ ਸੂਚਿਤ ਕਰ ਦਿੱਤਾ ਹੈ। ਦੂਜੇ ਪਾਸੇ ਪਿੰਡ ਭੁੱਚੋ ਖੁਰਦ ਦੇ ਲੋਕਾਂ ਨੇ ਕਿਹਾ ਕਿ ਇਹ ਜ਼ਮੀਨ ਪਿੰਡ ਦਾ ਮੁੱਢ ਬੱਝਣ ਵੇਲੇ ਤੋਂ ਉਨ੍ਹਾਂ ਕੋਲ ਹੈ। ਇਸ ਵਿੱਚ ਧਾਰਮਿਕ ਸਥਾਨ, ਸ਼ਮਸ਼ਾਨਘਾਟ ਅਤੇ ਲਗਪਗ 75 ਘਰ ਵਸੇ ਹੋਏ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਿੰਡ ਦੇ ਲੋਕਾਂ ਦਾ ਉਜਾੜਾ ਨਾ ਕਰੇ। ਇਸ ਮੌਕੇ ਭਾਕਿਯੂ ਡਕੌਂਦਾ ਦੇ ਪਿੰਡ ਇਕਾਈ ਪ੍ਰਧਾਨ ਨਛੱਤਰ ਸਿੰਘ ਅਤੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਚੰਦ ਸਿੰਘ ਨੇ ਦੱਸਿਆ ਕਿ ਚਾਰ ਕਿਸਾਨ ਜਥੇਬੰਦੀਆਂ, ਭਾਕਿਯੂ ਡਕੌਂਦਾ, ਉਗਰਾਹਾਂ, ਕ੍ਰਾਂਤੀਕਾਰੀ ਅਤੇ ਕਿਰਤੀ ਕਿਸਾਨ ਯੂਨੀਅਨ ਪਿੰਡ ਵਾਸੀਆਂ ਦੀ ਹਮਾਇਤ ਕਰ ਰਹੀਆਂ ਹਨ।