ਧਾਰੀਵਾਲ: ਤਰਕਸ਼ੀਲ ਸੁਸਾਇਟੀ ਨੌਸ਼ਹਿਰਾ ਮੱਝਾ ਸਿੰਘ ਵੱਲੋਂ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ’ਚ ਤਰਕਸ਼ੀਲ ਮੇਲਾ, ਸੁਸਾਇਟੀ ਦੇ ਸਰਪ੍ਰਸਤ ਸਤਨਾਮ ਸਿੰਘ ਕਿਰਤੀ ਦੀ ਅਗਵਾਈ ਹੇਠ ਕਰਵਾਇਆ। ਤਰਕਸ਼ੀਲ ਮੇਲੇ ਦੌਰਾਨ ਪੰਜ ਪਾਣੀ ਲੋਕ ਕਲਾ ਮੰਚ ਗੋਪਾਲਪੁਰ (ਅੰਮ੍ਰਿਤਸਰ) ਦੀ ਟੀਮ ਦੇ ਕਲਾਕਾਰਾਂ (ਲਖਵਿੰਦਰ ਸਿੰਘ ਗੋਪਾਲਪੁਰੀ, ਰਾਜਵਿੰਦਰ ਸਿੰਘ, ਕਮਲ ਸਿੰਘ, ਸਿਮਰਜੀਤ ਕੌਰ, ਜਰਮਨ ਸਿੰਘ, ਗੁਰਪ੍ਰੀਤ ਸਿੰਘ) ਨੇ ਡਾਇਰੈਕਟਰ ਜੋਗਿੰਦਰ ਗੋਪਾਲਪੁਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੋਰੀਓਗ੍ਰਾਫੀਆਂ ਅਤੇ ਨਾਟਕਾਂ ਦੁਆਰਾ ਲੋਕਾਂ ਨੂੰ ਸਮਾਜਿਕ ਕੁਰੀਤੀਆਂ, ਨਸ਼ਿਆਂ, ਅੰਧਵਿਸ਼ਵਾਸ ਖਿਲਾਫ਼ ਜਾਗਰੂਕ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਇਸ ਮੌਕੇ ਤਰਕਸ਼ੀਲ ਸੁਸਾਇਟੀ ਭਾਰਤ ਦੇ ਮਾਝਾ ਜ਼ੋਨ ਪ੍ਰਧਾਨ ਸਤਨਾਮ ਕਿਰਤੀ, ਚਰਨਜੀਤ ਸਿੰਘ ਬਿੱਟੂ, ਰਘਬੀਰ ਸਿੰਘ ਢੀਂਡਸਾ ਤੇ ‘ਆਪ’ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਗਿੱਲ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ