ਸੁਰਿੰਦਰ ਸਿੰਘ ਤੇਜ
ਲੰਬੀ-ਚੌੜੀ ਗਾਥਾ ਹੈ ਇੰਜੀ. ਡੀ.ਐਮ. ਸਿੰਘ ਦਾ ਨਾਵਲ ‘ਲਿਫ਼ਾਫ਼ਾ’ (ਪੰਨੇ: 259; ਕੀਮਤ: 350 ਰੁਪਏ; ਨਵਰੰਗ ਪਬਲੀਕੇਸ਼ਨਜ਼, ਸਮਾਣਾ)।
ਤਿੰਨ ਪੁਸ਼ਤਾਂ ਦੀ ਤਰਜ਼-ਇ-ਜ਼ਿੰਦਗੀ ਬਿਆਨ ਕਰਨ ਵਾਲਾ। ਸਮਾਜਿਕ-ਭਾਈਚਾਰਕ ਕਦਰਾਂ ਦੇ ਨਿਖ਼ਾਰ/ਨਿਘਾਰ ਦੀ ਦਸ਼ਾ ਦਾ ਚਿਤ੍ਰਣ ਕਰਨ ਵਾਲਾ। ਸਿਹਤ ਸੰਭਾਲ ਖੇਤਰ, ਖ਼ਾਸ ਕਰਕੇ ਡਾਕਟਰੀ ਪੇਸ਼ੇ ਵਿਚ ਕਾਰਪੋਰੇਟੀ ਕਲਚਰ ਦੇ ਪਾਸਾਰ ਤੇ ਭ੍ਰਿਸ਼ਟਾਚਾਰ ਦੀ ਕਥਾ-ਵਿਅਥਾ ਪੇਸ਼ ਕਰਨ ਵਾਲਾ। ਅਤੇ ਨਾਲ ਹੀ ਇਸ ਪੇਸ਼ੇ ਅੰਦਰ ਨਿਹਿਤ ਨੇਕੀ ਤੇ ਨੇਕਨੀਅਤੀ ਦੀ ਲਾਜ ਰੱਖਣ ਵਾਲਿਆਂ ਦੇ ਯੋਗਦਾਨ ਦੀ ਸਰਾਹਨਾ ਕਰਨ ਵਾਲਾ।
ਇਤਾਵਲੀ ਦਾਰਸ਼ਨਿਕ, ਇਤਿਹਾਸਕਾਰ ਤੇ ਨਾਵਲਕਾਰ ਉਮਬੈਰਤੋ ਐਕੋ (Umberto Eco) ਨੇ ਇਕ ਵਾਰ ਲਿਖਿਆ ਸੀ ਕਿ ਗਲਪ ਦੇ ਮਿਆਰ ਨੂੰ ਸਿਰਫ਼ ਦੋ ਪੈਮਾਨਿਆਂ ਨਾਲ ਆਂਕਿਆ ਜਾਣਾ ਚਾਹੀਦਾ ਹੈ: ਅਸਲੀਅਤਵਾਦੀ ਧਰਾਤਲ ਅਤੇ ਪੜ੍ਹਨਯੋਗਤਾ। ‘‘ਲਿਫ਼ਾਫ਼ਾ’’ ਇਨ੍ਹਾਂ ਦੋਵਾਂ ਪੈਮਾਨਿਆਂ ’ਤੇ ਖਰਾ ਉਤਰਦਾ ਹੈ। ਉਹ ਵੀ ਮੁੱਢ ਤੋਂ ਅਖ਼ੀਰ ਤੱਕ। ਇੰਜੀ. ਡੀ.ਐਮ. ਸਿੰਘ ਬਹੁਵਿਧਾਈ ਲੇਖਕ ਹਨ। ਉਨ੍ਹਾਂ ਦੇ ਕਹਾਣੀ ਸੰਗ੍ਰਹਿ, ਮਿਨੀ ਕਹਾਣੀ ਸੰਗ੍ਰਹਿ ਅਤੇ ਨਾਟਕ ਪੁਰਸਕਾਰਾਂ-ਸਨਮਾਨਾਂ ਨਾਲ ਨਵਾਜ਼ੇ ਜਾ ਚੁੱਕੇ ਹਨ। ਅਖ਼ਬਾਰਾਂ-ਰਸਾਲਿਆਂ ਵਿਚ ਉਨ੍ਹਾਂ ਦੀਆਂ ਰਚਨਾਵਾਂ ਬਾਕਾਇਦਗੀ ਨਾਲ ਛਪਦੀਆਂ ਰਹਿੰਦੀਆਂ ਹਨ। ‘ਲਿਫ਼ਾਫ਼ਾ’ ਉਨ੍ਹਾਂ ਦਾ ਪਲੇਠਾ ਨਾਵਲ ਹੈ, ਪਰ ਇਹ ਪਲੇਠੇ ਵਾਲਾ ਪ੍ਰਭਾਵ ਨਹੀਂ ਦਿੰਦਾ। ਸ਼ੈਲੀ ਸਰਲ, ਬੇਲੋੜੇ ਪ੍ਰਯੋਗਵਾਦ ਤੋਂ ਮੁਕਤ ਅਤੇ ਕਥਾ-ਰਸ ਨਾਲ ਭਰਪੂਰ। ਪਾਤਰ-ਉਸਾਰੀ ਬਾਕਮਾਲ। ਪੋਠੋਹਾਰੀ ਪਿਛੋਕੜ ਵਾਲਾ ਗੁੱਜਰਖਾਨੀ ਪਰਿਵਾਰ ਇਸ ਦੇ ਕਥਾਨਕ ਦਾ ਧੁਰਾ ਹੈ। ਇਹ ਪਰਿਵਾਰ ਲੁਧਿਆਣਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਆ ਵਸਿਆ। ਇਸ ਮੁੜ-ਵਸੇਬੇ ਅਤੇ ਸਮੇਂ ਤੇ ਪੀੜ੍ਹੀਆਂ ਦੇ ਬਦਲਾਅ ਦੇ ਨਾਲ ਜੋ ਕਿਰਦਾਰੀ ਤੇ ਭਾਸ਼ਾਈ ਤਬਦੀਲੀਆਂ ਪਰਿਵਾਰ ਦੇ ਜੀਆਂ ਵਿਚ ਆਉਂਦੀਆਂ ਹਨ, ਉਹ ਪਾਤਰ-ਉਸਾਰੀ ਖ਼ਾਸ ਕਰਕੇ ਉਨ੍ਹਾਂ ਦੀ ਬੋਲੀ ਵਿਚ ਬਾਖ਼ੂਬੀ ਮੌਜੂਦ ਹਨ। ਅਜਿਹੀ ਸਜਗਤਾ ਨਾਵਲ ਦੇ ਕਥਾ-ਵਸਤੂ ਨੂੰ ਅਸਲਵਾਦੀ ਪਾਣ ਬਖ਼ਸ਼ਦੀ ਹੈ। ਇਕ ਹੋਰ ਖ਼ੂਬੀ: ਨਾਵਲ ਵਿਚ ਉਲਾਰਵਾਦ ਦੀ ਅਣਹੋਂਦ ਹੈ। ਨੇਕ ਬੰਦੇ ਦੀਆਂ ਖ਼ੂਬੀਆਂ ਦਾ ਜ਼ਿਕਰ ਹੈ, ਪਰ ਖ਼ਾਮੀਆਂ ’ਤੇ ਵੀ ਉਂਗਲ ਧਰੀ ਗਈ ਹੈ। ਬਦੀਵਾਨਾਂ ਨੂੰ ਬੇਜ਼ਮੀਰੇ ਨਹੀਂ ਬਣਾਇਆ ਗਿਆ, ਜ਼ਮੀਰ ਉਨ੍ਹਾਂ ਨੂੰ ਵੀ ਟੁੰਬਦੀ ਹੈ, ਸੀਮਾਵਾਂ ਅੰਦਰ ਰਹਿਣ ਲਈ ਕਹਿੰਦੀ ਹੈ। ਇਹ ਤੱਤ ਵੀ ਨਾਵਲ ਨੂੰ ਅਸਲਵਾਦੀ ਬਣਾਉਂਦੇ ਹਨ।
ਕਹਾਣੀ ਲੁਧਿਆਣੇ ਦੇ ਪਿੰਡ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਸੰਤਾਲੀ ਦੇ ਸੰਤਾਪ ਸਮੇਂ ਗੁੱਜਰਖਾਨ ਤੋਂ ਉਜੜਿਆ ਪ੍ਰੀਤਮ ਸਿੰਘ ਦਾ ਪਰਿਵਾਰ ਆ ਵਸਿਆ। ਪ੍ਰੀਤਮ ਸਿੰਘ ਦੇ ਤਿੰਨ ਪੁੱਤਰਾਂ ਵਿਚੋਂ ਇਕ ਹਰਬੰਸ ਸਿੰਘ ਜਵਾਨ ਉਮਰੇ ਗੁਜ਼ਰ ਗਿਆ ਸੀ। ਉਹਦੀ ਵਿਧਵਾ, ਜੋ ਦੋ ਬੱਚੀਆਂ ਦੀ ਮਾਂ ਹੈ, ਨੂੰ ਪਰਿਵਾਰ ਨੇ ਧੀ ਵਾਂਗ ਸਾਂਭਿਆ। ਬਾਕੀ ਦੋ ਪੁੱਤਰ ਰਾਮ ਸਿੰਘ ਤੇ ਹਰਾ ਸਿੰਘ ਆਪਣੇ ਪਿਤਾ ਦੀ ਸੋਚ-ਸੁਹਜ ਦੇ ਮੁਰੀਦ ਹਨ। ਪਰਿਵਾਰ ਵਿਚ ਇਤਫ਼ਾਕ ਹੈ ਅਤੇ ਇਤਫ਼ਾਕ ਹੀ ਬਰਕਤ ਦਾ ਆਧਾਰ ਹੈ। ਰਾਮ ਸਿੰਘ ਦਾ ਪੁੱਤਰ ਰੇਸ਼ਮ ਸਿੰਘ ਫ਼ੌਜ ਤੋਂ ਸੂਬੇਦਾਰ ਮੇਜਰ ਵਜੋਂ ਸੇਵਾਮੁਕਤ ਹੋਇਆ ਹੈ। ਉਹ ਕਾਰਗਿਲ ਯੁੱਧ ਵੇਲੇ ਗੰਭੀਰ ਫੱਟੜ ਹੋਇਆ। ਹਰਾ ਸਿੰਘ ਦਾ ਪੁੱਤਰ ਕਰਮ ਸਿੰਘ ਕੁਸੰਗਤ ਕਾਰਨ ਨਸ਼ੇੜੀ ਬਣ ਗਿਆ ਹੈ, ਪਰ ਪਰਿਵਾਰ ਉਸ ਨੂੰ ਨਸ਼ੇ ਦੀ ਜਿੱਲ੍ਹਣ ਵਿਚੋਂ ਕੱਢਣ ਲਈ ਸੰਜੀਦਗੀ ਨਾਲ ਯਤਨਸ਼ੀਲ ਹੈ। ਰੇਸ਼ਮ, ਦਰਅਸਲ, ਇਸ ਸਾਰੇ ਕਥਾਨਕ ਦਾ ਮੁੱਖ ਕਿਰਦਾਰ ਹੈ। ਸਿਹਤ ਖੇਤਰ ਵਿਚ ਫੈਲੀ ਕਾਰਪੋਰੇਟੀ ਲਿਫ਼ਾਫ਼ਾ ਕਲਚਰ ਨੂੰ ਬੇਪਰਦ ਕਰਨ ਦੀ ਜ਼ਿੰਮੇਵਾਰੀ ਵੀ ਉਹੀ ਨਿਭਾਉਂਦਾ ਹੈ।
ਉਸਾਰੂ ਸਾਹਿਤ ਦਾ ਚੰਗਾ ਨਮੂਨਾ ਹੋਣ ਦੇ ਬਾਵਜੂਦ ‘ਲਿਫ਼ਾਫ਼ਾ’ ਸਜਗ ਸੰਪਾਦਨ ਦੀ ਕਮੀ ਦਾ ਸ਼ਿਕਾਰ ਹੈ। ਪੰਜਾਬੀ ਸਮੇਤ ਸਾਰੀਆਂ ਭਾਰਤੀ ਭਾਸ਼ਾਵਾਂ ਦੀ ਇਹ ਬਦਕਿਸਮਤੀ ਹੈ ਕਿ ਇਨ੍ਹਾਂ ਦੀਆਂ ਬਹੁਤੀਆਂ ਕਿਤਾਬਾਂ ਤਿੱਖੀ ਸੰਪਾਦਕੀ ਨਜ਼ਰ ਵਿਚੋਂ ਨਹੀਂ ਗੁਜ਼ਰਦੀਆਂ। ਇਹ ਕਮੀ ਇਨ੍ਹਾਂ ਕਿਤਾਬਾਂ ਖ਼ਾਸ ਕਰਕੇ ਵਾਰਤਕ ਵਾਲੀਆਂ ਕਿਤਾਬਾਂ ਵਿਚ (ਗ਼ਲਤੀਆਂ ਦੇ) ‘ਕੋਰੜੂ’ ਛੱਡ ਜਾਂਦੀ ਹੈ। ‘ਲਿਫ਼ਾਫ਼ਾ’ ਵੀ ਇਸੇ ਮਰਜ਼ ਦਾ ਸ਼ਿਕਾਰ ਹੈ। ਇਸ਼ਾਰੇ ਦੇ ਤੌਰ ’ਤੇ ਤਿੰਨ ਮਿਸਾਲਾਂ ਕ੍ਰਮਵਾਰ ਪੰਨਾ 15, 16 ਤੇ 19 ਤੋਂ ਪੇਸ਼ ਹਨ: ਸ਼ਾਕ ਐਬਜ਼ਰਵਰ (ਸ਼ੌਕ ਐਬਜ਼ੌਰਬਰ), ਰਹੀਸੀ ਠਾਠ (ਰਈਸੀ ਠਾਠ), ਗੁੱਜਰਣ (ਗੁਜ਼ਰਨ)। ਅਜਿਹੇ 20 ਕੁ ਸ਼ਬਦਾਂ ਹੇਠ ਨਿਸ਼ਾਨ ਲਗਾਉਣ ਮਗਰੋਂ ਇਸ ਸਮੀਖਿਅਕ ਨੇ ਇਹ ਕੰਮ ਉੱਥੇ ਹੀ ਛੱਡਣਾ ਬਿਹਤਰ ਸਮਝਿਆ। ਬਾਕੀ ਫਿਰ ਕਦੇ!