ਰਜਿੰਦਰ ਸਿੰਘ ਦੀਪ ਸਿੰਘ ਵਾਲਾ
ਜੀਐੱਮ ਬੀਜਾਂ ਨੂੰ ਦੂਸਰੇ ਹਰੇ ਇਨਕਲਾਬ ਦੇ ਨਾਮ ਹੇਠ ਲਿਆਂਦਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਜੀਐੱਮ ਸਰ੍ਹੋਂ ਨੂੰ ਮਨਜ਼ੂਰੀ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਬਾਰੇ ਦੋਵਾਂ ਪੱਖਾਂ ਵਾਲੇ ਮਾਹਿਰਾਂ ਅਤੇ ਕਿਸਾਨ ਆਗੂਆਂ ਦੀ ਚਰਚਾ ਵਿਧਾਨ ਭਵਨ ਵਿਚ ਕਰਵਾਈ।
ਜੀਐੱਮ ਬੀਜ ਵਿਵਾਦ ਵਾਲੇ ਬੀਜ ਹਨ। ਇਹਨਾਂ ਬਾਰੇ ਬਹੁਤ ਸਾਰੇ ਵਿਵਾਦ ਕਈ ਮੁਲਕਾਂ ਦੀਆਂ ਅਦਾਲਤਾਂ ਵਿਚ ਚੱਲ ਰਹੇ ਹਨ। ਵਾਤਾਵਰਨ, ਸਿਹਤ ਆਦਿ ਨਾਲ ਜੁੜੇ ਬਹੁਤ ਗੰਭੀਰ ਨਤੀਜੇ ਇਹਨਾਂ ਕਰ ਕੇ ਸਾਹਮਣੇ ਆ ਰਹੇ ਹਨ। ਇਸ ਦੀ ਸਫ਼ਲਤਾ ਦੇ ਦਾਅਵੇਦਾਰ ਕੀ ਕਹਿੰਦੇ ਹਨ ਤੇ ਕਿਸਾਨਾਂ ਦਾ ਕੀ ਪੱਖ ਹੈ, ਇਹ ਸਾਹਮਣੇ ਆਉਣਾ ਲਾਜ਼ਮੀ ਹੈ। ਦੂਸਰੇ ਹਰੇ ਇਨਕਲਾਬ ਤੋਂ ਪਹਿਲਾਂ, ਪਹਿਲੇ ਹਰੇ ਇਨਕਲਾਬ ਦੇ ਵਿਸ਼ਲੇਸ਼ਣ ਤੇ ਇਸ ਤੋਂ ਲਏ ਸਬਕਾਂ ਤੋਂ ਬਿਨਾ ਦੂਜੇ ਇਨਕਲਾਬ ਨੂੰ ਅਪਨਾਉਣਾ ਵਾਜਬਿ ਨਹੀਂ ਹੋਵੇਗਾ।
ਡਾਕਟਰ ਸਵਾਮੀਨਾਥਨ ਜਿਹਨਾਂ ਨੂੰ ਭਾਰਤ ਵਿਚ ਪਹਿਲੇ ਹਰੇ ਇਨਕਲਾਬ ਦਾ ਪਿਤਾਮਾ ਮੰਨਿਆ ਜਾਂਦਾ ਹੈ, ਨੇ ਲਿਖਿਆ ਕਿ ਮੈਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਅਨਮੋਲ ਤੋਹਫਾ ਤਕਰੀਬਨ 40 ਸਾਲ ਪਹਿਲਾਂ ਮਿਲਿਆ ਸੀ ਜੋ ਮੈਨੂੰ ਦਿੱਲੀ ਨੇੜੇ ਪੈਂਦੇ ਜੌਤੀ (ਹਰਾ ਇਨਕਲਾਬ ਅਪਨਾਉਣ ਵਾਲਾ ਪਹਿਲਾ ਪਿੰਡ) ਪਿੰਡ ਦੇ ਕਿਸਾਨਾਂ ਨੇ 1968 ਵਿਚ ਦਿੱਤਾ। ਮੇਰਾ ਅਨਮੋਲ ਗੋਲਡ ਮੈਡਲ ਕਿਸਾਨਾਂ ਦੇ ਜੋਸ਼ ਅਤੇ ਉਮੀਦਾਂ ਦਾ ਟੋਕਨ ਹੈ ਪਰ ਡਾਕਟਰ ਸਵਾਮੀਨਾਥਨ ਜਿਸ ਪਿੰਡ ਤੋਂ ਅਨਮੋਲ ਤੋਹਫੇ ਦੀ ਗੱਲ ਕਰ ਰਹੇ ਹਨ, ਉਸ ਨੂੰ ਗੁੜਗਾਉਂ ਦੇ ਵੱਡੇ ਵੱਡੇ ਮਾਲਜ਼ ਨੇ ਨਿਗਲ ਲਿਆ ਹੈ। ਡਾਕਟਰ ਸਵਾਮੀਨਾਥਨ ਹਰੇ ਇਨਕਲਾਬ ਦੇ ਸਫ਼ਲਤਾ ਦੀ ਕਹਾਣੀ ਕਹਿ ਰਹੇ ਹਨ ਜਾਂ ਬਰਬਾਦੀ ਦੀ? ਜੌਤੀ ਪਿੰਡ ਦੇ ਕਿਸਾਨ ਕਿੱਥੇ ਨੇ? ਕਿਵੇਂ ਰੋਜ਼ੀ ਰੋਟੀ ਕਮਾ ਰਹੇ ਨੇ? ਕੋਈ ਹਰੇ ਇਨਕਲਾਬ ਦਾ ਹਮਾਇਤੀ ਦੱਸ ਸਕਦਾ ਹੈ?
ਹਰੇ ਇਨਕਲਾਬ ਦਾ ਦਾਅਵਾ ਸਭ ਨੂੰ ਭੋਜਨ ਦੇਣ ਦਾ ਸੀ ਪਰ ਅੱਜ ਦੋ ਅਰਬ ਤੋਂ ਜਿ਼ਆਦਾ ਲੋਕਾਂ ਨੂੰ 40 ਸਾਲ ਪਹਿਲੋਂ ਦੇ ਮੁਕਾਬਲੇ ਘੱਟ ਤਰ੍ਹਾਂ ਦੇ ਅਨਾਜਾਂ ‘ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਇਸ ਨਾਲ ਉਹਨਾਂ ਵਿਚ ਜ਼ਰੂਰੀ ਲਘੂ ਪੋਸ਼ਕ ਤੱਤ ਖਾਸਕਰ ਲੋਹ, ਵਿਟਾਮਿਨ, ਆਇਓਡੀਨ, ਜਿਸਤ ਅਤੇ ਸੇਲੇਨੀਅਮ ਦੀ ਕਮੀ ਹੋ ਗਈ ਹੈ। ਨਤੀਜੇ ਵਜੋਂ ਸੰਸਾਰ ਦੀ 40 ਪ੍ਰਤੀਸ਼ਤ ਆਬਾਦੀ ਅੱਜ ਕੁਪੋਸ਼ਣ ਦਾ ਸ਼ਿਕਾਰ ਹੈ। ਅਨਾਜ ਉਤਪਾਦਾਂ ਵਿਚ ਲਘੂ ਪੋਸ਼ਕ ਤੱਤਾਂ ਦੀ ਕਮੀ ਨਾਲ ਮਾਨਸਿਕ ਵਿਗਾੜ ਪੈਦਾ ਹੁੰਦੇ ਹਨ ਅਤੇ ਅਸੀਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਇਸ ਨਾਲ ਪੂਰੀ ਆਬਾਦੀ ਦੀ ਕਾਰਜ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਇੱਕ ਰਿਪੋਰਟ ਮੁਤਾਬਿਕ ਪਹਿਲੇ ਹਰੇ ਇਨਕਲਾਬ ਦੌਰਾਨ ਸੰਸਾਰ ਵਿਚ ਭੁੱਖੇ ਲੋਕਾਂ ਦੀ ਗਿਣਤੀ ਵਿਚ 11 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ; ਭਾਵ, 1970 ਤੋਂ 1990 ਤੱਕ ਭੁੱਖੇ ਲੋਕਾਂ ਦੀ ਗਿਣਤੀ 53.6 ਕਰੋੜ ਤੋਂ 59.7 ਕਰੋੜ ਹੋ ਗਈ ਹੈ। ਇਸ ਅਰਸੇ ਦੌਰਾਨ ਬਹੁਤ ਲੋਕ ਬੇਜ਼ਮੀਨੇ ਹੋਏ ਤੇ ਕਿਸਾਨਾਂ ਤੋਂ ਬੀਜ ਖੋਹ ਲਏ ਗਏ। ਹਰੇ ਇਨਕਲਾਬ ਦੀ ਪ੍ਰਾਪਤੀ ਅਮਰੀਕੀ ਬੀਜ ਕੰਪਨੀਆਂ ਦੇ ਮਾਲੋਮਾਲ ਹੋਣ ਵਜੋਂ ਹੋਈ ਅਤੇ ਖੇਤੀ ਰਸਾਇਣਕ ਕੰਪਨੀਆਂ ਦੇ ਹੱਥ ਚੜ੍ਹ ਗਈ। ਖੇਤੀ ਦਿਓ ਕੱਦ ਕੰਪਨੀਆਂ ਦੀ ਭਾਰਤ ਸਹਿਤ ਤੀਜੀ ਦੁਨੀਆ ਦੀ ਵਿਸ਼ਾਲ ਅਨੁਵੰਸ਼ਿਕ (genetics) ਵਿਰਾਸਤ ‘ਤੇ ਬੁਰੀ ਨਜ਼ਰ ਹੈ। ਨਵੀਂ ਤਕਨਾਲੋਜੀ ਦੇ ਬਹਾਨੇ ਆਪਣੇ ਪੁਰਾਣੇ ਖਤਰਨਾਕ ਰਸਾਇਣਾਂ ਦੇ ਵਪਾਰ ਨੂੰ ਵੀ ਕਾਇਮ ਰੱਖਣਾ ਚਾਹੁੰਦੇ ਹਨ। ਉਹਨਾਂ ਦੀ ਨੀਤ ਪੂਰੀ ਤਰ੍ਹਾਂ ਦੁਨੀਆ ਦੀ ਅਨਾਜ ਕੜੀ ਨੂੰ ਵੱਸ ਵਿਚ ਕਰਨ ਦੀ ਹੈ, ਇਸ ਦੀ ਕੀਮਤ ਭਾਵੇਂ ਵਾਤਾਵਰਨ, ਮਨੁੱਖੀ ਸਿਹਤ ਅਤੇ ਇਸ ਧਰਤੀ ਉੱਪਰ ਜ਼ਿੰਦਗੀ ਦੀ ਹੋਂਦ ‘ਤੇ ਅੱਤਿਆਚਾਰ ਹੀ ਕਿਉਂ ਨਾ ਹੋਵੇ? ਇਹ ਜੀਨ ਸਾਮਰਾਜਵਾਦ ਹੈ।
ਭਾਰਤ ਵਿਚ ਕਿਸਾਨਾਂ, ਖਪਤਕਾਰਾਂ ਅਤੇ ਆਮ ਨਾਗਰਿਕਾਂ ਨੂੰ ਖਤਰਨਾਕ ਜੀਐੱਮ ਤਕਨੀਕ ਬਾਰੇ ਦੱਸੇ ਬਿਨਾ ਕਈ ਜੀਐੱਮ ਅਨਾਜ, ਫ਼ਸਲਾਂ ਤੇ ਸਬਜ਼ੀਆਂ ਦਾ ਸੀਮਤ ਖੇਤਰ ਨਿਰੀਖਣ ਦੇਸ਼ ਦੇ ਕਈ ਰਾਜਾਂ ਵਿਚ ਗੈਰ-ਕਾਨੂੰਨੀ ਢੰਗ ਨਾਲ ਕੰਪਨੀਆਂ ਦੁਆਰਾ ਚਲਾਇਆ ਜਾ ਰਿਹਾ ਹੈ। ਕਈ ਖੇਤੀ ਵਿਗਿਆਨੀ ਭੁੱਖ ਨਿਵਾਰਨ ਅਤੇ ਅਨਾਜ ਸੁਰੱਖਿਆ ਦੇ ਨਾਮ ‘ਤੇ ਜੀਐੱਮ ਦੇ ਹਮਾਇਤੀ ਹਨ ਪਰ ਉਹ ਮੁਲਕ ਅੰਦਰ ਖੁੱਲ੍ਹੇ ਆਸਮਾਨ ਵਿਚ ਸੜਦੇ ਲੱਖਾਂ ਟਨ ਅਨਾਜ ਵੇਲੇ ਭੋਜਨ ਸੁਰੱਖਿਆ ਤੇ ਲੋੜਵੰਦਾਂ ਬਾਰੇ ਕੁਝ ਨਹੀਂ ਬੋਲਦੇ। ਉਹ ਸਿਰਫ ਕਾਰਪੋਰੇਟ ਦੇ ਬੁਲਾਰੇ ਹਨ, ਆਪਣੀ ਗੱਲ ‘ਤੇ ਮੁਲੰਮਾ ਵਿਗਿਆਨ ਅਤੇ ਵਿਕਾਸ ਦਾ ਚਾੜ੍ਹਦੇ ਹਨ; ਜਦਕਿ ਜੀਐੱਮ ਬੀਜਾਂ ਦੀ ਅਸਲੀਅਤ ਸਾਹਮਣੇ ਆ ਚੁੱਕੀ ਹੈ। ਕੀਟ ਵਿਰੋਧੀ ਜੀਨ ਬੀਟੀ ਅਤੇ ਨਦੀਨ ਨਾਸ਼ਕ ਵਿਰੋਧੀ ਰਾਊਂਡ ਅੱਪ ਰੇਡ ਵਾਲੇ ਬੀਜ ਤਿਆਰ ਕਰਨ ਵਾਲਿਆਂ ਦਾ ਦਾਅਵਾ ਕਿ ਪੈਦਾਵਾਰ ਵਧੇਰੇ ਹੋਵੇਗੀ ਕਿਉਂਕਿ ਕੀਟਨਾਸ਼ਕਾਂ ਦੀ ਕਮੀ ਹੋਵੇਗੀ ਜੋ ਹਕੀਕਤ ਨਹੀਂ। ਬੀਟੀ ਨਰਮਾ ਆਏ ਨੂੰ ਵੀਹ ਸਾਲ ਹੋ ਗਏ, ਇਸ ਦੀ ਅਸਫ਼ਲਤਾ ਦੀ ਕਹਾਣੀ ਸਭ ਦੇ ਸਾਹਮਣੇ ਹੈ। 5 ਫੀਸਦੀ ਨਰਮੇ ਹੇਠ ਰਕਬੇ ਵਿਚ 58 ਫੀਸਦੀ ਕੀਟ ਨਾਸ਼ਕ ਵਰਤੇ ਜਾ ਰਹੇ ਹਨ। ਕੈਂਸਰ ਟਰੇਨ ਵੀ ਨਰਮਾ ਪੱਟੀ ਵਿਚੋਂ ਹੀ ਜਾ ਰਹੀ ਹੈ। ਬੀਟੀ ਨਰਮਾ ਖੇਤੀ ਨਾਲ ਜੁੜੇ ਮਜ਼ਦੂਰਾਂ ਵਿਚ ਖਰਾਬ ਸਿਹਤ ਅਤੇ ਐਲਰਜੀ ਕਰਨ ਵਾਲੀਆਂ ਬਿਮਾਰੀਆਂ ਦੀਆਂ ਖ਼ਬਰਾਂ ਹਨ। ਬੀਟੀ ਨਰਮੇ ਦੇ ਖੇਤਾਂ ਵਿਚ ਚਰਨ ਵਾਲੀਆਂ ਭੇਡਾਂ ਵਿਚ ਮੌਤ ਦਰ ਦਾ ਵਾਧਾ ਤੇ ਹੋਰ ਬਿਮਾਰੀਆਂ ਦੇਖੀਆਂ ਗਈਆਂ। ਮਧੂ ਮੱਖੀਆਂ ਦੇ ਕਾਰੋਬਾਰੀਆਂ ਦਾ ਨੁਕਸਾਨ ਹੋਇਆ। ਮਧੂ ਮੱਖੀਆਂ ਮਰ ਰਹੀਆਂ ਹਨ। ਰੂਸੀ ਵਿਗਿਆਨ ਅਕਾਦਮੀ ਤੰਤੂ ਕਿਰਿਆਸ਼ੀਲਤਾ ਅਤੇ ਨਿਊਰੋਫਿਜਿਓਲੋਜੀ ਖੋਜ ਕੇਂਦਰ ਦੇ ਅਧਿਐਨ ਤੋਂ ਜ਼ਾਹਿਰ ਹੁੰਦਾ ਹੈ ਕਿ ਜੀਐੱਮ ਸੋਆਇਆਬੀਨ ਖਵਾਉੁਣ ਨਾਲ 55.6 ਪ੍ਰਤੀਸ਼ਤ ਚੂਹਿਆਂ ਦੀ ਮੌਤ ਹੋ ਗਈ। ਉਹਨਾਂ ਦੇ ਸਰੀਰਕ ਵਿਕਾਸ ਵਿਚ ਵਿਗਾੜ ਆ ਗਏ। ਜੀਐੱਮ ਆਲੂ ਨਾਲ ਚੂਹਿਆਂ ਦੇ ਜਿਗਰ, ਦਿਲ ਅਤੇ ਮੱਥੇ ਦਾ ਆਕਾਰ ਤੇ ਭਾਰ ਘਟ ਗਿਆ। ਆਸਟਰੇਲੀਆ ਵਿਚ ਕੀਤੀ ਖੋਜ ਦੇ ਅਨੁਸਾਰ ਚੂਹਿਆਂ ਨੂੰ ਜੀਐੱਮ ਟਮਾਟਰ ਖਵਾਉਣ ਨਾਲ ਉਹਨਾਂ ਨੂੰ ਜ਼ਖ਼ਮ ਅਤੇ ਐਲਰਜੀ ਹੋ ਗਈ।
ਜੀਐੱਮ ਨਰਮਾ ਅਤੇ ਸੋਆਇਆਬੀਨ ਦੀ ਖੇਤੀ ਦੇ ਕਾਰਨ ਅਮਰੀਕਾ ਵਿਚ ਪਿਗਵਿਡ ਨਾਮੀ ਨਵੇਂ ਨਦੀਨ ਨਾਲ ਉਥੋਂ ਦੇ ਕਈ ਰਾਜਾਂ ਵਿਚ ਇਸ ਦਾ ਕਹਿਰ ਫੈਲ ਗਿਆ। ਜਾਰਜੀਆ ਦੀ ਮੇਕਨ ਕਾਊਂਟੀ ਵਿਚ ਕਿਸਾਨਾਂ ਨੇ ਮਜਬੂਰ ਹੋ ਕੇ 10 ਹਜ਼ਾਰ ਏਕੜ ‘ਤੇ ਖੇਤੀ ਛੱਡ ਦਿੱਤੀ। ਬਹੁਤ ਸਾਰੇ ਨਦੀਨ ਇਸ ਤਰ੍ਹਾਂ ਦੇ ਹੋ ਗਏ ਜਿਹਨਾਂ ਨੂੰ ਕਾਬੂ ਕਰਨਾ ਅਸੰਭਵ ਜਿਹਾ ਹੋ ਗਿਆ। ਬਹੁਕੌਮੀ ਖੇਤੀ ਬਾਇਓਟੈਕ ਖਿਲਾਫ਼ ਉਥੋਂ ਦੀਆਂ ਅਦਾਲਤਾਂ ਵਿਚ ਹਜ਼ਾਰਾਂ ਮੁਕੱਦਮੇ ਚਲ ਰਹੇ ਹਨ।
ਇੰਨੇ ਤੱਥ ਸਾਹਮਣੇ ਆਉਣ ਦੇ ਬਾਵਜੂਦ ਜੀਐੱਮ ਸਰੋ੍ਹਂ ਨੂੰ ਭਾਰਤ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਤੇ ਜਦੋਂ ਪੰਜਾਬ ਵਿਧਾਨ ਸਭਾ ਵਿਚ ਇਸ ਬਾਰੇ ਚਰਚਾ ਕਰ ਕੇ ਕਿ ਇਸ ਨੂੰ ਮਨਜ਼ੂਰੀ ਦਿੱਤੀ ਜਾਵੇ ਜਾਂ ਨਾ; ਤਾਂ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਖੇਤੀਬਾੜੀ ਯੂਨੀਵਰਸਿਟੀ ਵਿਚ ਇਸ ਦੇ ਚੱਲ ਰਹੇ ਟਰਾਇਲ ਬਾਰੇ ਖੁਲਾਸਾ ਬੜੇ ਮਾਣ ਨਾਲ ਕਰਦੇ ਹਨ। ਕੀ ਖੇਤੀਬਾੜੀ ਯੂਨੀਵਰਸਿਟੀ ਪੰਜਾਬੀਆਂ ਨੂੰ ਪ੍ਰਯੋਗਸ਼ਾਲਾ ਦੇ ਚੂਹੇ ਸਮਝ ਰਹੀ ਹੈ? ਬੀਟੀ ਨਰਮੇ ਦੇ ਖੇਤਾਂ ਵਿਚ ਭੇਡਾਂ ਮਰੀਆਂ, ਮਜ਼ਦੂਰਾਂ ਨੂੰ ਖਤਰਨਾਕ ਬਿਮਾਰੀਆਂ ਲੱਗੀਆਂ; ਤੇ ਸਰੋ੍ਹਂ ਦਾ ਸਾਗ ਤਾਂ ਸਾਰੇ ਪੰਜਾਬੀਆਂ ਨੇ ਖਾਣਾ ਹੈ, ਸਰੋ੍ਹਂ ਦਾ ਤੇਲ ਵਰਤਣਾ ਹੈ, ਪਸ਼ੂਆਂ ਲਈ ਖ਼ਲ ਵੀ ਵਰਤਣੀ ਹੈ। ਸਿਹਤ ਅਤੇ ਖੇਤੀ ਸੂਬਿਆਂ ਦਾ ਅਧਿਕਾਰ ਹੈ। ਕੀ ਯੂਨੀਵਰਸਿਟੀ ਸੂਬਾ ਸਰਕਾਰ ਦੇ ਅਧਿਕਾਰਾਂ ਤੋਂ ਵੱਧ ਅਧਿਕਾਰ ਰੱਖਦੀ ਹੈ? ਫਿਲਹਾਲ ਪੰਜਾਬ ਸਰਕਾਰ ਨੇ ਜੀਐੱਮ ਸਰੋ੍ਹਂ ਨੂੰ ਮਨਜ਼ੂਰੀ ਨਹੀਂ ਦਿੱਤੀ, ਫਿਰ ਖੇਤੀਬਾੜੀ ਯੂਨੀਵਰਸਿਟੀ ਇਹ ਹਿਮਾਕਤ ਕਿਵੇਂ ਕਰ ਰਹੀ ਹੈ?
ਜੀਐੱਮ ਬੀਜਾਂ ਨਾਲ ਬੀਜ ਪੂਰੀ ਤਰ੍ਹਾਂ ਕਾਰਪੋਰੇਟ ਦੇ ਕੰਟਰੋਲ ਹੇਠ ਆ ਜਾਣਗੇ। ਕਿਸਾਨਾਂ ਕੋਲ ਕੋਈ ਬੀਜ ਨਹੀਂ ਰਹਿ ਜਾਵੇਗਾ। ਕਿਸਾਨ ਪੂਰੀ ਤਰ੍ਹਾਂ ਕਾਰਪੋਰੇਟ ਦੀ ਇੱਛਾ ਮੁਤਾਬਿਕ ਚੱਲਣ ਲਈ ਮਜਬੂਰ ਹੋਵੇਗਾ। ਹਰੇ ਇਨਕਲਾਬ ਦੌਰਾਨ ਸਾਬਿਤ ਹੋ ਗਿਆ ਕਿ ਸਹੀ ਸਮੇਂ ਤੇ ਕਿਸਾਨਾਂ ਨੂੰ ਖਾਦ ਨਾ ਮਿਲੇ ਤਾਂ ਹਾਹਾਕਾਰ ਮਚ ਜਾਂਦੀ। ਕਿਸਾਨਾਂ ਦੀ ਫ਼ਸਲ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਕਿਸਾਨਾਂ ਕੋਲ ਆਪਣੀ ਖਾਦ (ਦੇਸੀ ਖਾਦ) ਨਹੀਂ ਰਹੀ। ਜਦੋਂ ਬੀਜ ਨਾ ਰਹੇ ਤੇ ਕਿਸਾਨਾਂ ਨੂੰ ਸਮੇਂ ਸਿਰ ਬੀਜ ਨਾ ਮਿਲਿਆ, ਫਿਰ ਕਿਸਾਨ ਕੀ ਕਰੇਗਾ? ਜੋ ਕਾਰਪੋਰੇਟ ਚਾਹੇਗਾ, ਉਹੀ ਹੋਵੇਗਾ। ਇਹੀ ਦੂਜਾ ਹਰਾ ਇਨਕਲਾਬ ਹੈ। ਇਸ ਦਾ ਇਰਾਦਾ ਕਿਸਾਨਾਂ ਨੂੰ ਗੁਲਾਮ ਕਰਨਾ ਅਤੇ ਫਿਰ ਕਿਸਾਨ ਰਹਿਤ ਖੇਤੀ ਕਰਨਾ ਹੈ।
ਪੰਜਾਬ ਸਰਕਾਰ ਨੂੰ ਜੀਐੱਮ ਸਰ੍ਹੋਂ ਨੂੰ ਮਨਜ਼ੂਰੀ ਨਹੀਂ ਦੇਣੀ ਚਾਹੀਦੀ ਅਤੇ ਸਥਾਨਕ ਬੀਜਾਂ ‘ਤੇ ਖੋਜ ਦੀ ਦਿਸ਼ਾ ਲੈਣੀ ਚਾਹੀਦੀ ਹੈ। ਸਰ੍ਹੋਂ ਹੀ ਨਹੀਂ, ਬੀਟੀ ਨਰਮੇ ‘ਤੇ ਪਾਬੰਦੀ ਲਾ ਕੇ ਦੇਸੀ ਨਰਮੇ ਦਾ ਬੀਜ ਵਿਕਸਤ ਕਰਨ ਚਾਹੀਦਾ ਹੈ ਪਰ ਇਹ ਤਾਂ ਹੀ ਸੰਭਵ ਹੋਵੇਗਾ ਜੇ ਸਰਕਾਰ ਇਸ ਲਈ ਠੋਸ ਕਦਮ ਚੁੱਕੇ। ਇਹਨੀਂ ਦਿਨੀਂ ਫਰੀਦਕੋਟ ਵਿਚ 1200 ਏਕੜ ਦਾ ਬੀਜ ਖੋਜ ਕੇਂਦਰ ਬੰਦ ਹੋ ਗਿਆ ਜਿੱਥੇ ਵੱਡੀ ਪੱਧਰ ‘ਤੇ ਬੀਜ ਤਿਆਰ ਹੁੰਦਾ ਸੀ। ਸਰਕਾਰ ਨੂੰ ਅਜਿਹੀਆਂ ਸੰਸਥਾਵਾਂ ਬਚਾਉਣੀਆਂ ਚਾਹੀਦੀਆਂ ਹਨ ਤੇ ਬੀਜ ਖੇਤਰ ਵਿਚ ਕਾਰਪੋਰੇਟ ਦੇ ਦਾਖਲੇ ਉੱਪਰ ਪਾਬੰਦੀ ਲਾਉਣੀ ਚਾਹੀਦੀ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਕਰੜੇ ਹੱਥੀਂ ਲੈਣਾ ਚਾਹੀਦਾ ਹੈ ਜੋ ਜੀਐੱਮ ਬੀਜਾਂ ਦੇ ਟਰਾਇਲ ਯੂਨੀਵਰਸਿਟੀ ਵਿਚ ਕਰ ਰਹੇ ਹਨ। ਸਾਡੀ ਖੇਤੀ ‘ਤੇ ਸਿਹਤ ਤਾਂ ਹੀ ਬਚ ਸਕਦੀ ਹੈ।
*ਮੀਤ ਪ੍ਰਧਾਨ, ਕਿਰਤੀ ਕਿਸਾਨ ਯੂਨੀਅਨ।
ਸੰਪਰਕ: 84279-92567