ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 15 ਅਕਤੂਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅੱਜ ਬਠਿੰਡਾ ਫੇਰੀ ਮੌਕੇ ਬੀਡੀਏ ਐਨਕਲੇਵ ਦੇ ਦੁਖੀ ਬਾਸ਼ਿੰਦਿਆਂ ਨੇ ਮਿਲਣ ਦਾ ਯਤਨ ਕਰਦਿਆਂ ਰੋਸ ਵਿਖਾਵਾ ਕੀਤਾ। ਬਠਿੰਡਾ ਨਹਿਰ ਕੰਢੇ ਸੈਰਗਾਹ ਅਤੇ ਆਡੀਟੋਰੀਅਮ ਦੇ ਨੀਂਹ ਪੱਥਰ ਰੱਖੇ ਜਾਣ ਸਮੇਂ ਪੁਲੀਸ ਕਿਲ੍ਹਾ ਬਣ ਕੇ ਵਿਚਾਲੇ ਖੜ੍ਹੀ ਰਹੀ। ਸ੍ਰੀ ਚੰਨੀ ਨੂੰ ਮਿਲਾਏ ਬਗ਼ੈਰ ਪ੍ਰਸ਼ਾਸਨ ਨੇ ਕਲੋਨੀ ਵਾਸੀਆਂ ਤੋਂ ਮੁੱਖ ਮੰਤਰੀ ਦੇ ਨਾਂ ਮੰਗ-ਪੱਤਰ ਲੈ ਲਿਆ।
ਕਲੋਨੀ ਵਾਸੀ ਅਮਨਦੀਪ ਸਿੰਘ, ਰਾਜਿੰਦਰ ਸਿੰਘ, ਮਹੇਸ਼ ਬਾਂਸਲ, ਅੰਗਰੇਜ਼ ਸਿੰਘ ਅਤੇ ਸੋਹਣ ਲਾਲ ਨੇ ਉਹ ਪੱਤਰ ਮੀਡੀਆ ਨੂੰ ਵਿਖਾਇਆ ਜਿਸ ’ਚ ਲਿਖ਼ਿਆ ਸੀ ਕਿ ਪੁੱਡਾ ਦੀ ਕਲੋਨੀ ਬੀਡੀਏ ਐਨਕਲੇਵ ਬਠਿੰਡਾ ਦੇ ਉਹ ਵਾਸੀ ਹਨ। ਪੁੱਡਾ ਉਨ੍ਹਾਂ ਤੋਂ 100 ਫੁੱਟ ਚੌੜੀ ਸੜਕ ਦੇ ਵਧੇ ਹੋਏ ਮੁਆਵਜ਼ੇ ਦੀ ਰਕਮ ਮੰਗ ਰਹੀ ਹੈ ਜੋ ਕਿਸੇ ਵੀ ਪਾਸੇ ਤੋਂ ਕਲੋਨੀ ਦੇ ਨਾਲ ਨਹੀਂ ਲੱਗਦੀ। ਇਹ ਸੜਕ ਕਲੋਨੀ ਬਣਨ ਤੋਂ ਪਹਿਲਾਂ 30 ਫੁੱਟ ਚੌੜੀ ਸੀ ਅਤੇ ਨਗਰ ਨਿਗਮ ਦੇ ਅਧਿਕਾਰ ਖੇਤਰ ’ਚ ਸੀ। ਪੁੱਡਾ ਨੇ 2004 ਵਿੱਚ ਬੀਡੀਏ ਐਨਕਲੇਵ ਵਸਾਉਣ ਲਈ ਜ਼ਮੀਨ ਐਕੁਆਇਰ ਕੀਤੀ ਸੀ। 2010 ਵਿੱਚ ਇੱਕ ਵੱਖਰੇ ਨੋਟੀਫਿਕੇਸ਼ਨ ਰਾਹੀਂ ਪੁੱਡਾ ਵੱਲੋਂ ਇਸੇ ਸੜਕ ਦੀ ਚੌੜਾਈ ਵਧਾਉਣ ਲਈ ਦੋਵੇਂ ਪਾਸੇ ਦੀ ਜ਼ਮੀਨ ਅਧਿਗ੍ਰਹਿਣ ਕੀਤੀ ਗਈ।ਉਸ ਵੇਲੇ ਇੱਕ ਪ੍ਰਾਈਵੇਟ ਕਾਲੋਨੀ ਗਰੀਨ ਸਿਟੀ ਅਤੇ 4 ਹੋਰ ਕਾਲੋਨੀਆਂ ਇਸੇ ਸੜਕ ’ਤੇ ਪੈਂਦੀਆਂ ਸਨ ਪਰ ਇਸ ਸੜਕ ਦਾ ਨੋਟੀਫਿਕੇਸ਼ਨ ਸਿਰਫ ਬੀਡੀਏ ਕਲੋਨੀ ਨੂੰ ਪਹੁੰਚ ਮਾਰਗ ਦੇਣ ਦੇ ਨਾਂ ’ਤੇ ਕੀਤਾ ਗਿਆ। ਪੱਤਰ ’ਚ ਦਰਜ ਹੈ ਕਿ 30 ਤੋਂ 100 ਫੁੱਟ ਹੋ ਜਾਣ ਨਾਲ ਇਹ ਇੱਕ ਵਪਾਰਕ ਸੜਕ ਬਣ ਗਈ ਹੈ। ਉਨ੍ਹਾਂ ਕਿਹਾ ਕਿ ਪਲਾਟ ਵੇਚਣ ਵੇਲੇ ਪੁੱਡਾ ਨੇ ਇਹ ਗੱਲ ਜ਼ਾਹਰ ਨਹੀਂ ਸੀ ਕੀਤੀ ਕਿ ਇਨ੍ਹਾਂ ਪਲਾਟਾਂ ਦੀ ਰਾਖਵੀਂ ਕੀਮਤ ਵਿੱਚ ਸੜਕ ਦਾ ਖਰਚਾ ਵੀ ਸ਼ਾਮਲ ਹੈ ਅਤੇ ਨਾ ਹੀ ਇਹ ਦੱਸਿਆ ਗਿਆ ਕਿ ਜੇ ਭਵਿੱਖ ਵਿੱਚ ਇਸ ਸੜਕ ਦੇ ਮੁਆਵਜ਼ੇ ਦੀ ਰਕਮ ਵਧਦੀ ਹੈ ਤਾਂ ਉਸ ਦੀ ਅਦਾਇਗੀ ਪਲਾਟ ਖਰੀਦਣ ਵਾਲਿਆਂ ਨੇ ਕਰਨੀ ਹੈ। ਦੂਸਰਾ ਇਤਰਾਜ਼ ਇਹ ਵੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਸੜਕ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਉਨ੍ਹਾਂ ਦਾ ਕਿਧਰੇ ਉਜਾੜਾ ਨਹੀਂ ਹੋਇਆ। ਉਨ੍ਹਾਂ ਦੀ ਜ਼ਮੀਨਾਂ ਅੱਜ ਵੀ ਸੜਕ ਦੇ ਨਾਲ ਲੱਗਦੀਆਂ ਹਨ ਅਤੇ ਇਸ ਸੜਕ ਦੇ ਬਣਨ ਨਾਲ ਵਧੀਆਂ ਕੀਮਤਾਂ ਦਾ ਪੂਰਾ ਲਾਭ ਉਨ੍ਹਾਂ ਨੂੰ ਹੋਇਆ ਹੈ।
ਇਨ੍ਹਾਂ ਤੱਥਾਂ ਦੇ ਹਵਾਲੇ ਨਾਲ ਕਲੋਨੀ ਵਾਸੀਆਂ ਨੇ ਮੰਗ ਕੀਤੀ ਕਿ 1.5 ਕਿਲੋਮੀਟਰ ਲੰਬੀ 100 ਫੁੱਟੀ ਸੜਕ ਦੀ ਵਰਤੋਂ 7 ਕਾਲੋਨੀਆਂ ਵੱਲੋਂ ਕੀਤੀ ਜਾਂਦੀ ਹੈ ਪਰ ਮੁਆਵਜ਼ਾ ਸਿਰਫ ਇਕ ਕਲੋਨੀ ਤੋਂ ਨਾ ਵਸੂਲਿਆ ਜਾਵੇ। ਇਹ ਵੀ ਕਿਹਾ ਗਿਆ ਕਿ ਪੁੱਡਾ ਨੇ ਇੱਕ ਵਾਰ ਇਸ ਸੜਕ ਦਾ ਖਰਚਾ ਬੀਡੀਏ ਐਨਕਲੇਵ ਦੇ ਪਲਾਟਾਂ ਦੀ ਰਾਖਵੀਂ ਕੀਮਤ ਵਿੱਚ ਸ਼ਾਮਲ ਕਰ ਕੇ ਉਨ੍ਹਾਂ ਤੋਂ ਲੈ ਲਿਆ ਹੈ ਪਰ ਹੁਣ ਅੱਗੇ ਤੋਂ ਮੁਆਫ਼ ਕੀਤਾ ਜਾਵੇ ਅਤੇ ਵਾਧਰੇ ਦੀ ਰਕਮ ਵਿੱਚੋਂ ਇਸ ਸੜਕ ਦੇ ਮੁਆਵਜ਼ੇ ਨੂੰ ਬਾਹਰ ਕਰ ਕੇ ਸੜਕ ਨੂੰ ਸਾਡੀ ਜਨਤਕ ਸੜਕ ਐਲਾਨਿਆ ਜਾਵੇ।