ਕਰਮਜੀਤ ਸਿੰਘ ਚਿੱਲਾ
ਬਨੂੜ, 16 ਅਕਤੂਬਰ
ਇਸ ਇਲਾਕੇ ਵਿੱਚ ਡੇਂਗੂ ਨੇ ਅੱਜ ਦੋ ਹੋਰ ਮਰੀਜ਼ਾਂ ਦੀ ਜਾਨ ਲੈ ਲਈ। ਡੇਂਗੂ ਨਾਲ ਤਾਜ਼ਾ ਮੌਤਾਂ ਪਿੰਡ ਕਰਾਲਾ ਦੀ 36 ਸਾਲਾ ਗਰਭਵਤੀ ਮਹਿਲਾ ਸੁਮਨ ਰਾਣੀ ਅਤੇ ਦੂਜਾ ਬਨੂੜ ਦੇ ਵਾਰਡ ਨੰਬਰ 13 ਦੇ ਵਸਨੀਕ ਬੀਰੂ ਰਾਮ (55) ਦੀਆਂ ਹੋਈਆਂ ਹਨ। ਪਿਛਲੇ ਚਾਰ ਹਫ਼ਤੇ ਦੌਰਾਨ ਬਨੂੜ ਖੇਤਰ ਵਿੱਚ ਡੇਂਗੂ ਨਾਲ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ ਹੈ। ਪਿੰਡ ਕਰਾਲਾ ਸਮੇਤ ਸਮੁੱਚੇ ਖੇਤਰ ਵਿੱਚ ਦਰਜਨਾਂ ਵਿਅਕਤੀ ਡੇਂਗੂ ਅਤੇ ਬੁਖਾਰ ਤੋਂ ਪੀੜਤ ਹਨ।
ਪਿੰਡ ਕਰਾਲਾ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਵਸਨੀਕ ਬੁਖਾਰ ਅਤੇ ਡੇਂਗੂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਸੁਮਨ ਰਾਣੀ ਸੱਤ ਮਹੀਨੇ ਦੀ ਗਰਭਵਤੀ ਸੀ ਤੇ ਪੀਜੀਆਈ ਵਿੱਚ ਜ਼ੇਰੇ ਇਲਾਜ ਸੀ, ਜਿੱਥੇ ਬੀਤੀ ਸ਼ਾਮ ਉਸ ਦੀ ਮੌਤ ਹੋਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸੁਮਨ ਰਾਣੀ ਦਾ ਛੇ ਸਾਲਾ ਪੁੱਤਰ ਹਰਸ਼ਿਤ ਵੀ ਡੇਂਗੂ ਤੋਂ ਪੀੜਤ ਹੈ ਤੇ ਉਸਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਸਿਹਤ ਵਿਭਾਗ ਵਿੱਚ ਪਿੰਡ ਦੇ ਦਰਜਨਾਂ ਮਰੀਜ਼ਾਂ ਦਾ ਲੋੜੀਂਦਾ ਇਲਾਜ ਕਰਨ ਦੀ ਮੰਗ ਕਰਦਿਆਂ ਪਿੰਡ ਵਿੱਚ ਆਰਜ਼ੀ ਮੈਡੀਕਲ ਕੈਂਪ ਸਥਾਪਤ ਕਰਨ ਦੀ ਮੰਗ ਕੀਤੀ। ਸ਼ਹਿਰ ਦੇ ਵਾਰਡ ਨੰਬਰ 13 ਦੇ ਵਸਨੀਕ ਬੀਰੂ ਰਾਮ ਦੀ ਵੀ ਅੱਜ ਡੇਂਗੂ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਬਲਕਾਰ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ 4-5 ਦਿਨਾਂ ਤੋਂ ਬੁਖਾਰ ਤੋਂ ਪੀੜਤ ਸੀ ਤੇ ਟੈਸਟ ਵਿੱਚ ਉਨ੍ਹਾਂ ਨੂੰ ਡੇਂਗੂ ਦੀ ਪੁਸ਼ਟੀ ਹੋਈ ਸੀ।
ਬਨੂੜ ਸ਼ਹਿਰ ਵਿੱਚ ਵੀ ਬੁਖਾਰ ਦੇ ਦਰਜਨਾਂ ਕੇਸ ਹਨ। ਨਗਰ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਦੱਸਿਆ ਕਿ ਸ਼ਹਿਰ ਦੇ ਸਮੁੱਚੇ ਵਾਰਡਾਂ ਵਿੱਚ ਫੋਗਿੰਗ ਲਗਾਤਾਰ ਕਰਵਾਈ ਜਾ ਰਹੀ ਹੈ। ਬਨੂੜ ਦੀ ਐੱਸਐੱਮਓ ਡਾ ਰਵਨੀਤ ਕੌਰ ਨੇ ਮੰਨਿਆ ਕਿ ਇਸ ਖੇਤਰ ਵਿੱਚ ਬੁਖਾਰ ਦਾ ਜ਼ੋਰ ਹੈ ਤੇ ਹਸਪਤਾਲ ਵਿੱਚ ਵੀ ਬੁਖਾਰ ਪੀੜਤਾਂ ਦੀ ਗਿਣਤੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਕੁਝ ਮਰੀਜ਼ ਦਾਖਲ ਵੀ ਕੀਤੇ ਗਏ ਹਨ ਤੇ ਕੁਝ ਮਰੀਜ਼ਾਂ ਨੂੰ ਰੈਫ਼ਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰਾਲਾ ਵਿੱਚ ਫੌਗਿੰਗ ਕਰਵਾਈ ਗਈ ਹੈ। ਪਿੰਡਾਂ ਵਿੱਚ ਫੌਗਿੰਗ ਲਈ ਬੀਡੀਪੀਓ ਨੂੰ ਪੱਤਰ ਲਿਖਿਆ ਗਿਆ ਹੈ।
ਤ੍ਰਿਵੇਦੀ ਕੈਂਪ ਵਿੱਚ ਵਿਆਹੁਤਾ ਦੀ ਡੇਂਗੂ ਕਾਰਨ ਮੌਤ
ਡੇਰਾਬੱਸੀ (ਹਰਜੀਤ ਸਿੰਘ): ਪਿੰਡ ਤ੍ਰਿਵੇਦੀ ਕੈਂਪ ਵਿੱਚ ਇੱਕ 24 ਸਾਲਾ ਵਿਆਹੁਤਾ ਵਿੰਕੀ ਪਤਨੀ ਸੰਦੀਪ ਕੁਮਾਰ ਦੀ ਡੇਂਗੂ ਕਾਰਨ ਮੌਤ ਹੋ ਗਈ। ਪਿੰਡ ਵਿੱਚ ਡੇਂਗੂ ਨਾਲ ਇਹ ਪੰਜਵੀਂ ਮੌਤ ਹੈ ਜਦਕਿ ਇਸ ਤੋਂ ਪਹਿਲਾਂ ਚਾਰ ਲੋਕਾਂ ਦੀ ਡੇਂਗੂ ਨਾਲ ਮੌਤ ਹੋ ਚੁੱਕੀ ਹੈ। ਮ੍ਰਿਤਕਾ ਆਪਣੇ ਪਿੱਛੇ ਪਤੀ ਅਤੇ ਇੱਕ ਚਾਰ ਮਹੀਨੇ ਦਾ ਬੱਚਾ ਛੱਡ ਗਈ ਹੈ। ਪਿੰਡ ਵਿੱਚ ਹੁਣ ਤੱਕ 20 ਡੇਂਗੂ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ। ਡੇਰਾਬੱਸੀ ਵਿੱਚ ਡੇਂਗੂ ਨਾਲ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਬਲਾਕ ਵਿੱਚ ਹੁਣ ਤੱਕ 725 ਲੋਕਾਂ ਦੇ ਟੈਸਟ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 284 ਲੋਕਾਂ ਦੀ ਸਿਰਫ਼ ਅਕਤੂਬਰ ਮਹੀਨੇ ਵਿੱਚ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਪਿੰਡ ਤ੍ਰਿਵੇਦੀ ਕੈਂਪ ਤੋਂ ਇਲਾਵਾ ਪਿੰਡ ਸੈਦਪੁਰਾ ਅਤੇ ਪਿੰਡ ਭਾਂਖਰਪੁਰ ਵਿੱਚ ਇਸਦੇ ਮਰੀਜ਼ਾਂ ਦੀ ਤਾਦਾਤ ਲਗਾਤਾਰ ਵਧਦੀ ਜਾ ਰਹੀ ਹੈ। ਪਿੰਡ ਭਾਂਖਰਪੁਰ ਵਿੱਚ ਲੰਘੇ 24 ਘੰਟਿਆਂ ਦੌਰਾਨ ਚਾਰ ਮਰੀਜ਼ ਸਾਹਮਣੇ ਆਏ ਹਨ। ਪਿੰਡ ਸੈਦਪੁਰਾ ਡੇਂਗੂ ਦਾ ਮੁੱਖ ਕੇਂਦਰ ਬਣਦਾ ਜਾ ਰਿਹਾ ਹੈ। ਇੱਥੋਂ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਇੱਕ-ਇੱਕ ਬੈੱਡ ’ਤੇ ਦੋ-ਦੋ ਮਰੀਜ਼ ਦਾਖ਼ਲ ਕੀਤੇ ਹੋਏ ਹਨ। ਸਿਵਲ ਹਸਪਤਾਲ ਦੀ ਐੱਸ.ਐੱਮ.ਓ. ਡਾ. ਸੰਗੀਤਾ ਜੈਨ ਨੇ ਪਿੰਡ ਤ੍ਰਿਵੇਦੀ ਕੈਂਪ ਵਿੱਚ ਹੋਈ ਔਰਤ ਦੀ ਮੌਤ ਦੀ ਪੁਸ਼ਟੀ ਕੀਤੀ।
ਹੁਮਾਯੂੰਪੁਰ-ਤਸਿੰਬਲੀ ’ਚ ਡੇਂਗੂ ਤੇ ਪੇਟ ਫੁੱਲਣ ਦੀ ਬਿਮਾਰੀ ਦਾ ਕਹਿਰ
ਲਾਲੜੂ (ਸਰਬਜੀਤ ਸਿੰਘ ਭੱਟੀ): ਪਿੰਡ ਹਮਾਯੂੰਪੁਰ-ਤਸਿੰਬਲੀ ਵਿੱਚ ਡੇਂਗੂ ਤੇ ਪੇਟ ਫੁੱਲਣ ਦੀ ਬਿਮਾਰੀ ਕਾਰਨ ਬੀਤੇ ਦੋ ਦਿਨਾਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹੁਣ ਤੱਕ ਇਨ੍ਹਾਂ ਦੋਵਾਂ ਪਿੰਡਾਂ ਵਿੱਚ ਇਸ ਬਿਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 7 ਹੋ ਚੁੱਕੀ ਹੈ। ਪਿੰਡ ਦੇ ਸਾਬਕਾ ਸਰਪੰਚ ਨਿਰਮੈਲ ਸਿੰਘ ਹਮਾਯੂੰਪੁਰ, ਸੁਰਿੰਦਰ ਸਿੰਘ ਅਤੇ ਇੰਦਰਜੀਤ ਸ਼ਰਮਾ, ਦਲਬੀਰ ਸਿੰਘ, ਬਲਵਿੰਦਰ ਸਿੰਘ, ਰਵਿੰਦਰ ਸਿੰਘ, ਧਰਮ ਸਿੰਘ ਤੇ ਬਬਲੂ ਨੇ ਦੱਸਿਆ ਕਿ ਦੋਵੇਂ ਪਿੰਡਾਂ ਦੇ ਦਰਜਨਾਂ ਮਰੀਜ਼ ਅੰਬਾਲਾ ਸ਼ਹਿਰ ਅਤੇ ਛਾਉਣੀ ਦੇ ਵੱਖ-ਵੱਖ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਪੀਜੀਆਈ ਚੰਡੀਗੜ੍ਹ ਵਿੱਚ ਜੇਰੇ ਇਲਾਜ ਹਨ ਅਤੇ ਕਈ ਪੈਸੇ ਦੀ ਘਾਟ ਕਾਰਨ ਘਰਾਂ ਵਿੱਚ ਹੀ ਇਲਾਜ ਕਰਵਾ ਰਹੇ ਹਨ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਹਮਾਯੂੰਪੁਰ-ਤਸਿੰਬਲੀ ਵਿੱਚ ਇੱਕ ਆਰਜ਼ੀ ਹਸਪਤਾਲ ਖੋਲ੍ਹਿਆ ਜਾਵੇ, ਜਿੱਥੇ ਪਿੰਡ ਵਾਸੀਆਂ ਦਾ ਇਲਾਜ ਸਮੇਂ ਸਿਰ ਕੀਤਾ ਜਾ ਸਕੇ ਅਤੇ ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਦੀ ਵੀ ਜਾਂਚ ਕਰਵਾਈ ਜਾਵੇ, ਜਿਸ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਾਣੀ ਦੇ ਸੈਂਪਲ ਲਏ ਜਾਣ।