ਮੁੰਬਈ: ਬੌਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਜਿਸ ਨੂੰ ਆਖਰੀ ਵਾਰ ਫ਼ਿਲਮ ‘ਲਾਲ ਸਿੰਘ ਚੱਢਾ’ ਵਿੱੱਚ ਦੇਖਿਆ ਗਿਆ ਸੀ, ਨੇ ਕਿਹਾ ਕਿ ਉਸ ਨੂੰ ਪੰਜਾਬ ਵਿੱਚ 2016 ਵਿੱਚ ‘ਦੰਗਲ’ ਦੀ ਸ਼ੂਟਿੰਗ ਦੌਰਾਨ ‘ਨਮਸਤੇ’ ਦੀ ਤਾਕਤ ਦਾ ਅਹਿਸਾਸ ਹੋਇਆ। ਆਮਿਰ ਖ਼ਾਨ ਹੁਣੇ ਜਿਹੇ ਕਾਮੇਡੀ ਸ਼ੋਅ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਵਿੱਚ ਦਿਖਾਈ ਦਿੱਤਾ ਸੀ। ਇਸ ਦੌਰਾਨ ਗੱਲਬਾਤ ਦੌਰਾਨ ਉਸ ਨੇ ਇੱਕ ਮੁਸਲਿਮ ਪਰਿਵਾਰ ਵਿੱਚ ਜੰਮੇ-ਪਲੇ ਹੋਣ ਅਤੇ ‘ਨਮਸਤੇ’ ਦੇ ਮਹੱਤਵ ਦੇ ਬਾਰੇ ਕਿਵੇਂ ਸਿੱਖਿਆ, ਇਸ ’ਤੇ ਚਰਚਾ ਕੀਤੀ। ਇਸ ਦੌਰਾਨ ਉਸ ਨੇ ਪਹਿਲਾਂ ਪੰਜਾਬ ਵਿੱਚ ‘ਰੰਗ ਦੇ ਬਸੰਤੀ’ ਦੀ ਸ਼ੂਟਿੰਗ ਨੂੰ ਯਾਦ ਕੀਤਾ। ਅਦਾਕਾਰ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਪਿਆਰ ਨਾਲ ਭਰਿਆ ਪਿਆ ਹੈ। ਜਦੋਂ ਅਸੀਂ ‘ਦੰਗਲ’ ਦੀ ਸ਼ੂਟਿੰਗ ਲਈ ਗਏ ਤਾਂ ਇੱਕ ਛੋਟਾ ਜਿਹਾ ਪਿੰਡ ਸੀ, ਜਿੱਥੇ ਅਸੀਂ ਸ਼ੂਟਿੰਗ ਕਰ ਰਹੇ ਸਾਂ। ਸਾਨੂੰ ਉਸ ਘਰ ਵਿੱਚ ਰਹਿੰਦਿਆਂ ਦੋ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸੀ। ਜਦੋਂ ਅਸੀਂ ਸ਼ੂਟਿੰਗ ਲਈ ਜਾਂਦੇ ਤਾਂ ਸਾਡੇ ਸਵਾਗਤ ਲਈ ਬਾਹਰ ਲੋਕ ਹੱਥਾਂ ਵਿੱਚ ‘ਸਤਿ ਸ੍ਰੀ ਅਕਾਲ’ ਦੇ ਬੈਨਰ ਲੈ ਕੇ ਖੜ੍ਹੇ ਹੁੰਦੇ। ਉਨ੍ਹਾਂ ਮੈਨੂੰ ਕਦੇ ਪ੍ਰੇਸ਼ਾਨ ਨਹੀਂ ਕੀਤਾ, ਨਾ ਹੀ ਕਦੇ ਮੇਰੀ ਕਾਰ ਰੋਕੀ। ਜਦੋਂ ਅਸੀਂ ਵਾਪਸ ਆਉਂਦੇ ਤਾਂ ਫੇਰ ਉਹ ਆਪਣੇ ਘਰਾਂ ਦੇ ਬਾਹਰ ਖੜ੍ਹੇ ਹੁੰਦੇ ਅਤੇ ਮੈਨੂੰ ‘ਗੁੱਡ ਨਾਈਟ’ ਕਹਿੰਦੇ। ਆਮਿਰ ਨੇ ਕਿਹਾ ਕਿ ਮੈਂ ਇੱਕ ਮੁਸਲਿਮ ਪਰਿਵਾਰ ਨਾਲ ਸਬੰਧਤ ਹਾਂ, ਮੈਨੂੰ ਹੱਥ ਜੋੜਨ ਦੀ ਆਦਤ ਨਹੀਂ। ਮੈਨੂੰ ਹੱਥ ਚੁੱਕ ਕੇ ਸਲਾਮ ਕਰਨ ਦੀ ਆਦਤ ਹੈ। ਇਸ ਦੌਰਾਨ ਪੰਜਾਬ ਵਿੱਚ ਉਦੋਂ ਢਾਈ ਮਹੀਨੇ ਬਿਤਾਉਣ ਮਗਰੋਂ ਮੈਨੂੰ ‘ਨਮਸਤੇ’ ਦੀ ਤਾਕਤ ਦਾ ਪਤਾ ਲੱਗਿਆ। ਇਹ ਇੱਕ ਅਦਭੁੱਤ ਭਾਵਨਾ ਹੈ। ਪੰਜਾਬ ਵਿੱਚ ਲੋਕ ਹਰ ਕਿਸੇ ਦਾ ਸਨਮਾਨ ਕਰਦੇ ਹਨ ਅਤੇ ਕਿਸੇ ਨਾਲ ਪੱਖਪਾਤ ਨਹੀਂ ਕਰਦੇ। -ਆਈਏਐੱਨਐੱਸ