ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਅਕਤੂਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ 275 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ 1430 ਬੈੱਡਾਂ ਦੀ ਸਮਰੱਥਾ ਵਾਲੇ ਸ਼ਾਲੀਮਾਰ ਬਾਗ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਵਿਸ਼ਵ ਰਿਕਾਰਡ ਹੋਵੇਗਾ ਕਿ ਦਿੱਲੀ ਸਰਕਾਰ ਅਗਲੇ ਛੇ ਮਹੀਨਿਆਂ ਦੇ ਅੰਦਰ 6800 ਬੈੱਡਾਂ ਦੀ ਸਮਰੱਥਾ ਵਾਲੇ ਸੱਤ ਨਵੇਂ ਸਰਕਾਰੀ ਹਸਪਤਾਲ ਬਣਾਏਗੀ। ਉਨ੍ਹਾਂ ਕਿਹਾ ਕਿ ਪਹਿਲਾਂ ਇੱਕ ਸਾਧਾਰਨ ਬਿਸਤਰਾ ਬਣਾਉਣ ਵਿੱਚ ਇੱਕ ਕਰੋੜ ਰੁਪਏ ਖਰਚ ਹੁੰਦੇ ਸਨ ਪਰ ਦਿੱਲੀ ਸਰਕਾਰ ਇੱਕ ਆਈਸੀਯੂ ਬੈੱਡ ’ਤੇ ਸਿਰਫ਼ 20 ਲੱਖ ਰੁਪਏ ਖਰਚ ਕਰ ਰਹੀ ਹੈ। ਇਸ ਦੌਰਾਨ ਕੇਜਰੀਵਾਲ ਨੇ ਕਿਹਾ, ‘ਅਸੀਂ ਅਜਿਹੀ ਪ੍ਰਣਾਲੀ ਬਣਾਉਣ ਜਾ ਰਹੇ ਹਾਂ, ਜਿਸ ਤਹਿਤ ਦਿੱਲੀ ਦੇ ਹਰ ਨਾਗਰਿਕ ਦਾ ਆਪਣਾ ਸਿਹਤ ਕਾਰਡ ਹੋਵੇਗਾ। ਸਿਹਤ ਕਾਰਡ ਵਿੱਚ ਉਸ ਦੀ ਸਿਹਤ ਬਾਰੇ ਸਾਰੀ ਜਾਣਕਾਰੀ ਹੋਵੇਗੀ। ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਅਜੇ ਅਜਿਹੀ ਪ੍ਰਣਾਲੀ ਹੈ’’। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ, ‘‘ਸ਼ਾਲੀਮਾਰ ਬਾਗ ਵਿੱਚ 1430 ਬਿਸਤਰਿਆਂ ਦਾ ਨਵਾਂ ਸਰਕਾਰੀ ਹਸਪਤਾਲ ਸ਼ੁਰੂ ਹੋ ਗਿਆ ਹੈ। ਕਰੋਨਾ ਦੇ ਸਮੇਂ ਵਿੱਚ ਪੂਰੀ ਦੁਨੀਆ ਨੇ ਡਾਕਟਰੀ ਸਹੂਲਤਾਂ ਦੀ ਜ਼ਰੂਰਤ ਨੂੰ ਸਮਝ ਲਿਆ ਹੈ, ਮੈਂ ਦਿੱਲੀ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੀ ਸਰਕਾਰ ਪਹਿਲੇ ਦਿਨ ਤੋਂ ਹੀ ਹਸਪਤਾਲ ਅਤੇ ਮੈਡੀਕਲ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ’’। ਇਸ ਦੌਰਾਨ ਮੁੱਖ ਮੰਤਰੀ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਅਜਿਹੇ ਸੱਤ ਨਵੇਂ ਹਸਪਤਾਲ ਬਣਾਏ ਜਾਣੇ ਹਨ। ਜਿਨ੍ਹਾਂ ਦੀ ਕੁੱਲ ਸਮਰੱਥਾ 6800 ਬੈੱਡਾਂ ਦੀ ਹੋਵੇਗੀ ਤੇ ਇਹ ਸਾਰੇ ਹਸਪਤਾਲ ਛੇ ਮਹੀਨਿਆਂ ਦੇ ਅੰਦਰ ਤਿਆਰ ਹੋ ਜਾਣਗੇ।