ਰਮੇਸ਼ ਭਾਰਦਵਾਜ
ਲਹਿਰਾਗਾਗਾ, 18 ਅਕਤੂਬਰ
ਇਥੇ ਭਾਰਤੀ ਕਿਸਾਨ ਯੂਨੀਅਤ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਅੱਜ ਝੋਨੇ ਅਤੇ ਨਰਮੇ ਦੇ ਮੁਆਵਜ਼ੇ ਸਣੇ ਹੋਰ ਮੰਗਾਂ ਨੂੰ ਲੈ ਕੇ ਐੱਸਡੀਐੱਮ ਨਵਨੀਤ ਕੌਰ ਸੇਖੋਂ ਅਤੇ ਤਹਿਸੀਲਦਾਰ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਕਿਸਾਨ ਦਫ਼ਤਰ ਦੀਆਂ ਪੌੜ੍ਹੀਆਂ ਅਤੇ ਤਹਿਸੀਲ ਦਫਤਰ ਅੱਗੇ ਬੈਠ ਕੇ ਅਹਾਤੇ ’ਚ ਵੱਡੀ ਧਰਨਾ ਦਿੰਦੇ ਰਹੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਐਕਟਿੰਗ ਪ੍ਰਧਾਨ ਰਾਮ ਸਿੰਘ ਢੀਂਡਸਾ, ਸੂਬਾ ਸਿੰਘ ਸੰਗਤਪੁਰਾ, ਪ੍ਰੀਤਮ ਸਿੰਘ ਲਹਿਲ ਕਲਾ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ ਤੇ ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੁਟਾਲ ਕਲਾਂ ਨੇ ਕਿਹਾ ਕਿ ਪਿਛਲੇ ਸਮੇਂ ਹਲਕੇ ਦੇ ਪਿੰਡਾਂ ’ਚ ਪਾਣੀ ਦੀ ਮਾਰ ਹੇਠ ਆਏ ਇਲਾਕਿਆਂ ’ਚ ਝੋਨੇ ਅਤੇ ਨਰਮੇ ਦੀ ਫਸਲ ਦੀ ਗਿਰਦਾਵਰੀ ਪੂਰਨ ਤੌਰ ’ਤੇ ਨਹੀਂ ਕਰਵਾਈ ਗਈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਏ ਨਰਮੇ ਦੇ ਮੁਆਵਜ਼ੇ ਵਜੋਂ ਕਾਸ਼ਤਕਾਰ ਨੂੰ 60 ਹਜ਼ਾਰ ਪ੍ਰਤੀ ਏਕੜ ਅਤੇ ਮਜ਼ਦੂਰ ਪਰਿਵਾਰ ਨੂੰ 30 ਹਜ਼ਾਰ ਰੁਪਏ ਤੁਰੰਤ ਦਿਤਾ ਜਾਵੇ। ਉਨ੍ਹਾਂ ਕਿਹਾ ਕਿ ਮੰਗਾਂ ਪੂਰੀ ਹੋਣ ਤੱਕ ਇਹ ਘਿਰਾਓ ਜਾਰੀ ਰਹੇਗਾ। ਐੱਸਡੀਐੱਮ ਨਵਨੀਤ ਕੌਰ ਸੇਖੋਂ ਨੇ ਦੱਸਿਆ ਕਿ ਲਹਿਰਾਗਾਗਾ-ਮੂਨਕ ਇਲਾਕੇ ਦੀਆਂ ਗਿਰਦਾਵਰੀਆਂ ਕਰਵਾ ਕੇ ਰਿਪੋਰਟ ਡੀਸੀ ਰਾਹੀਂ ਸਰਕਾਰ ਨੂੰ ਭੇਜ ਦਿੱਤੀ ਹੈ ਅਤੇ ਸਰਕਾਰ ਵੱਲੋਂ ਜਾਰੀ ਕੀਤੇ ਮੁਆਵਜ਼ੇ ਨੂੰ ਤੁਰੰਤ ਵੰਡ ਦਿੱਤਾ ਜਾਵੇਗਾ। ਉਹ ਬਾਸਮਤੀ ’ਚ ਘੁੰਡੀ ਰੋਗ ਸਬੰਧੀ ਖੇਤੀ ਅਧਿਕਾਰੀਆਂ ਨੂੰ ਕਹਿਣਗੇ। ਉਨ੍ਹਾਂ ਜਥੇਬੰਦੀ ਨੂੰ ਗੱਲਬਾਤ ਲਈ ਸੱਦਿਆ ਹੈ ਪਰ ਖਬਰ ਲਿਖੇ ਜਾਣ ਤੱਕ ਐੱਸਡੀਐੱਮ ਦਾ ਘਿਰਾਓ ਜਾਰੀ ਸੀ।