ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਅਪਰੈਲ
ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਨੇ ਅੱਜ ਆਪਣੇ ਸੈਂਕੜੇ ਕਾਰਕੁਨਾਂ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੇ ਰੋਸ ਵਜੋਂ ਉਨ੍ਹਾਂ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਪਹਿਲਾਂ ਮਜ਼ਦੂਰਾਂ ਨੇ ਸ਼ਹਿਰ ਦੇ ਬਜ਼ਾਰਾਂ ’ਚ ਵੀ ਰੋਸ ਮਾਰਚ ਕੀਤਾ।
ਆਗੂਆਂ ਪੰਜਾਬ ਸਰਕਾਰ ਉੱਤੇ 2024 ਦੀਆਂ ਘੱਟੋ-ਘੱਟ ਨਵੀਆਂ ਉਜਰਤਾਂ ਨੂੰ ਹਾਲੇ ਤੱਕ ਲਾਗੂ ਨਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਵੱਲ ਪੰਜਾਬ ਸਰਕਾਰ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਉਹ ਹੋਰ ਰੋਜ਼ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਘੱਟੋ-ਘੱਟ ਉਜਰਤਾ ਲਾਗੂ ਕਰਨ ਸਮੇਤ ਹੋਰ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਲੋਕ ਸਭਾ ਚੋਣਾਂ ਦੌਰਾਨ ਆਪ ਦੇ ਉਮੀਦਵਾਰਾਂ ਦਾ ਸਖਤ ਵਿਰੋਧ ਕਰਨਗੇ। ਅੱਜ ਦੇ ਰੋਸ ਪ੍ਰਦਰਸ਼ਨ ਨੂੰ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਾਬਕਾ ਵਿਧਾਇਕ ਤਰਸੇਮ ਯੋਧਾਂ, ਸੂਬਾ ਆਗੂ ਚਰਨਜੀਤ ਸਿੰਘ ਹਿਮਾਂਯੂੰਪੁਰਾ ਅਤੇ ਜ਼ਿਲ੍ਹਾ ਇੰਚਾਰਜ ਸਤਪਾਲ ਸਿੰਘ ਬੈਹਿਣੀਵਾਲ , ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ ਦੇ ਸੂਬਾ ਆਗੂ ਕੇਵਲ ਸਿੰਘ ਹਜਾਰਾ, ਅਮਰਜੀਤ ਸਿੰਘ ਹਿਮਾਯੂਪੁਰਾ, ਪ੍ਰਕਾਸ਼ ਸਿੰਘ ਹਿਸੋਵਾਲ, ਨਛੱਤਰ ਸਿੰਘ ਚੀਮਾਂ, ਨਿਰਮਲ ਸਿੰਘ ਮੋਗਾ, ਪਰਮਿੰਦਰ ਕੁਮਾਰ, ਮਿੰਟੂ ਕੁਮਾਰ, ਗੁਰਪਰੀਤ ਸਿੰਘ ਤੋਲਾਵਾਲ, ਸਰਦਾਰ ਅਲੀ ਕੰਗਣਵਾਲ, ਹਰਜਿੰਦਰ ਸਿੰਘ ਬਨਵੋਰਾ, ਗੁਰਮੇਲ ਸਿੰਘ ਮੋਗਾ ਤੇ ਜੀਵਨ ਸਿੰਘ ਬਹਿਣੀਵਾਲ ਆਦੀ ਨੇ ਵੀ ਸੰਬੋਧਨ ਕੀਤਾ।