ਜੋਗਿੰਦਰ ਸਿੰਘ ਮਾਨ
ਮਾਨਸਾ, 18 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਮਾਲਵਾ ਖੇਤਰ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਰੇਲਵੇ-ਲਾਈਨਾਂ ਉੱਪਰ ਧਰਨੇ ਦਿੱਤੇ ਗਏ। ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਲਖੀਮਪੁਰ ਖੀਰੀ ਹਿੰਸਾ ਕਾਂਡ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਬਰਖ਼ਾਸਤ ਕੀਤਾ ਜਾਵੇ। ਰੇਲਾਂ ਰੋਕਣ ਦੇ ਇਸ ਮੁਲਕ ਪੱਧਰੀ ਸੱਦੇ ਸਬੰਧੀ ਪ੍ਰਾਪਤ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਇਸ ਨੂੰ ਮਾਲਵਾ ਖੇਤਰ ਵਿੱਚ ਖ਼ੂਬ ਹੁੰਗਾਰਾ ਮਿਲਿਆ ਹੈ। ਕਈ ਥਾਵਾਂ ਉਪਰ ਕਿਸਾਨ 10 ਵਜੇ ਤੋਂ ਪਹਿਲਾਂ ਹੀ ਰੇਲਵੇ-ਲਾਈਨਾਂ ’ਤੇ ਡਟ ਗਏ ਸਨ।
ਮਾਨਸਾ ਵਿਚ ਧਰਨੇ ਨੂੰ ਰੁਲਦੂ ਸਿੰਘ ਮਾਨਸਾ, ਗੋਰਾ ਸਿੰਘ ਭੈਣੀਬਾਘਾ, ਐਡਵੋਕੇਟ ਬਲਵੀਰ ਕੌਰ ਸਿੱਧੂ, ਮਹਿੰਦਰ ਸਿੰਘ ਭੈਣੀਬਾਘਾ, ਹਰਦੇਵ ਅਰਸ਼ੀ, ਕੁਲਵਿੰਦਰ ਸਿੰਘ ਉੱਡਤ, ਮਲੂਕ ਸਿੰਘ ਹੀਰਕੇ, ਮੇਜਰ ਦੂਲੋਵਾਲ, ਭਜਨ ਸਿੰਘ ਘੁੰਮਣ, ਤੇਜ਼ ਸਿੰਘ ਚਕੇਰੀਆ, ਮੱਖਣ ਸਿੰਘ ਭੈਣੀਬਾਘਾ, ਜਗਦੇਵ ਭੂਪਾਲ ਤੇ ਦਰਸ਼ਨ ਜਟਾਣਾ, ਕਾਮਰੇਡ ਭਗਵੰਤ ਸਿੰਘ ਸਮਾਓਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸ਼ਾਤਮਈ ਇਤਿਹਾਸਕ ਅੰਦੋਲਨ ਨੂੰ ਦਮਨਕਾਰੀ ਨੀਤੀ ਰਾਹੀਂ ਕੁਚਲਣਾ ਚਾਹੁੰਦੀ ਹੈ, ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਕੁਰਬਾਨੀ ਦੇ ਬਾਵਜੂਦ ਕਿਸਾਨੀ ਅੰਦੋਲਨ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ ਤੇ ਕਾਲੇ ਕਾਨੂੰਨਾਂ ਦੀ ਵਾਪਸੀ ਕਰਵਾ ਕੇ ਰਹੇਗਾ।
ਉਧਰ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਕੁਚਲਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜਸਵਿੰਦਰ ਕੌਰ ਝੇਰਿਆਂਵਾਲੀ, ਮਲਕੀਤ ਸਿੰਘ ਕੋਟਧਰਮੂ, ਸਾਧੂ ਸਿੰਘ ਅਲੀਸ਼ੇਰ ਕਲਾਂ, ਜਗਦੇਵ ਸਿੰਘ ਭੈਣੀਬਾਘਾ, ਬਿੰਦਰ ਸਿੰਘ ਝੰਡਾ ਕਲਾਂ, ਜਗਸੀਰ ਸਿੰਘ ਜਵਾਹਰਕੇ, ਬਲਵੰਤ ਸਿੰਘ ਰੜ, ਭੋਲਾ ਸਿੰਘ ਮਾਖਾ ਚਹਿਲਾ, ਅਤੇ ਗੁਰਪ੍ਰੀਤ ਭੈਣੀਬਾਘਾ ਨੇ ਸਬੋਧਨ ਕੀਤਾ।
ਬਠਿੰਡਾ (ਸ਼ਗਨ ਕਟਾਰੀਆ/ਮਨੋਜ ਸ਼ਰਮਾ): ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅੱਜ ਜ਼ਿਲ੍ਹਾ ਬਠਿੰਡਾ ’ਚ ਤਿੰਨ ਥਾਈਂ ਧਰਨੇ ਦੇ ਕੇ ਰੇਲ ਆਵਾਜਾਈ ਰੋਕੀ ਗਈ।
ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਅਤੇ ਸੁਖਦੇਵ ਸਿੰਘ ਜਵੰਧਾ ਦੀ ਅਗਵਾਈ ’ਚ ਬਠਿੰਡਾ-ਫ਼ਿਰੋਜ਼ਪੁਰ ਰੇਲਵੇ ਲਾਈਨ ’ਤੇ ਗੋਨਿਆਣਾ ਮੰਡੀ, ਗੁਰਪਾਲ ਸਿੰਘ ਦਿਓਣ ਅਤੇ ਜਸਪਾਲ ਸਿੰਘ ਕੋਠਾਗੁਰੂ ਦੀ ਅਗਵਾਈ ਵਿੱਚ ਬਠਿੰਡਾ-ਦਿੱਲੀ ਰੇਲਵੇ ਲਾਈਨ ’ਤੇ ਰਾਮਪੁਰਾ ਸ਼ਹਿਰ ’ਚ ਤੇ ਧਰਮਪਾਲ ਸਿੰਘ ਜੰਡੀਆਂ ਦੀ ਅਗਵਾਈ ਵਿੱਚ ਬਠਿੰਡਾ-ਬੀਕਾਨੇਰ ਰੇਲਵੇ ਲਾਈਨ ’ਤੇ ਪਿੰਡ ਪਥਰਾਲਾ ਵਿਚ ਸਵੇਰੇ 10 ਤੋਂ ਸ਼ਾਮ ਦੇ 4 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ।
ਇਸ ਦੌਰਾਨ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਖ਼ਿਲਾਫ਼ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਚੱਲ ਰਹੇ ਦਿੱਲੀ ਦੀ ਹੱਦ ’ਤੇ ਚੱਲ ਰਹੇ ਮੋਰਚੇ ਨੂੰ ਗਿਆਰਾਂ ਮਹੀਨੇ ਹੋਣ ਵਾਲੇ ਹਨ ਪਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਖੜ੍ਹ ਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਾ ਕਰਨ ’ਤੇ ਅੜੀ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਦੇਸ਼ ਦੇ ਖ਼ਜ਼ਾਨਿਆਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਦੇਸ਼ ਦੇ ਕਿਸਾਨਾਂ ਅਤੇ ਕਿਰਤੀ ਲੋਕਾਂ ਦੇ ਏਕੇ ਨੂੰ ਖਿੰਡਾਉਣ ਲਈ ਕੇਂਦਰ ਸਰਕਾਰ ਵੱਲੋਂ ਅੰਦੋਲਨਕਾਰੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਜਪਾ ਆਗੂਆਂ ਵੱਲੋਂ ਕਿਸਾਨਾਂ ’ਤੇ ਸਿੱਧੇ ਹਮਲੇ ਕਰਨ ਦੇ ਬਿਆਨ ਦਿੱਤੇ ਜਾ ਰਹੇ ਹਨ ਜਿਸ ਦੇ ਸਿੱਟੇ ਵਜੋਂ ਲਖੀਮਪੁਰ ਖੀਰੀ ਵਿੱਚ ਕਿਸਾਨਾਂ ’ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਜੀਪ ਚੜ੍ਹਾ ਕੇ ਕਿਸਾਨਾਂ ਤੇ ਪੱਤਰਕਾਰ ਦਾ ਕਤਲ ਕੀਤਾ ਗਿਆ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਲਖੀਮਪੁਰ ਖੀਰੀ ਘਟਨਾ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਬਰਖ਼ਾਸਤਗੀ ਦੀ ਮੰਗ ਲਈ ਮੋਗਾ ਜ਼ਿਲ੍ਹੇ ’ਚ ਕਿਸਾਨ ਤੇ ਜਨਤਕ ਜਥੇਬੰਦੀਆਂ ਨੇ ਮੋਗਾ-ਲੁਧਿਆਣਾ ਰੇਲ ਮਾਰਗ ਉੱਤੇ ਚਾਰ ਥਾਵਾਂ ਉੱਤੇ ਧਰਨਾ ਦਿੱਤਾ। ਲੁਧਿਆਣਾ ਜਾਣ ਵਾਲੀ ਰੇਲ ਨੂੰ ਮੋਗਾ ਰੇਲਵੇ ਸਟੇਸ਼ਨ ਉੱਤੇ ਰੁਕਣਾ ਪਿਆ।
ਬੀਕੇਯੂ ਏਕਤਾ ਉਗਰਾਹਾਂ ਸੁਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਬਲੌਰ ਸਿੰਘ ਘਾਲੀ, ਗੁਰਮੀਤ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਲੀਹੋਂ ਲਾਹੁਣ ਅਤੇ ਮੋਦੀ ਸਰਕਾਰ ਦੀ ਫ਼ਿਰਕੂ ਪੱਤਾ ਖੇਡਣ ਦੀ ਚਾਲ ਸਫ਼ਲ ਨਹੀਂ ਹੋਣ ਦਿਆਂਗੇ।
ਇੱਥੇ ਰੇਲਵੇ ਸਟੇਸ਼ਨ ਉੱਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੀਪੀਆਈ ਆਗੂ ਕੁਲਦੀਪ ਭੋਲਾ ਤੇ ਹੋਰ ਕਿਸਾਨ ਆਗੂਆਂ ਨੇ ਸਾਥੀਆਂ ਸਣੇ ਰੇਲ ਰੋਕ ਕੇ ਸ਼ਹੀਦ ਕਿਸਾਨਾਂ ਦੀਆਂ ਤਸਵੀਰਾਂ ਨਾਲ ਪ੍ਰਦਰਸ਼ਨ ਕੀਤਾ।
ਬੀਕੇਯੂ ਕ੍ਰਾਂਤੀਕਾਰੀ ਵੱਲੋਂ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ, ਸੂਬਾਈ ਆਗੂ ਬਲਦੇਵ ਸਿੰਘ ਜੀਰਾ ਲੋਕ ਸੰਗਰਾਮ ਮੰਚ ਸੂਬਾਈ ਪ੍ਰਧਾਨ ਤਾਰਾ ਸਿੰਘ ਆਦਿ ਨੇ ਚੱਕਾ ਜਾਮ ਕੀਤਾ।
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਲਖੀਮਪੁਰੀ ਖੀਰੀ ’ਚ ਵਾਪਰੇ ਕਾਂਡ ਨੂੰ ਲੈ ਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਅਸਤੀਫ਼ਾ ਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ’ਤੇ ਅੱਜ ਇੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਫ਼ਿਰੋਜ਼ਪੁਰ ਛਾਉਣੀ ਦੇ ਰੇਲਵੇ ਸਟੇਸ਼ਨ ਤੋਂ ਕੋਈ ਵੀ ਰੇਲ ਨਹੀਂ ਚੱਲਣ ਦਿੱਤੀ। ਵੱਖ-ਵੱਖ ਜਥੇਬੰਦੀ ਦੇ ਆਗੂ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਸਟੇਸ਼ਨ ’ਤੇ ਰੈਲੀ ਕੀਤੀ। ਮੁਸਾਫ਼ਿਰਾਂ ਦੀ ਪ੍ਰੇਸ਼ਾਨੀ ਲਈ ਉਨ੍ਹਾਂ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਭੁੱਚੋ ਮੰਡੀ (ਪਵਨ ਗੋਇਲ): ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਬਠਿੰਡਾ-ਅੰਬਾਲਾ ਰੇਲਵੇ ਲਾਈਨ ’ਤੇ ਭੁੱਚੋ ਮੰਡੀ ਦੇ ਰੇਲਵੇ ਸਟੇਸ਼ਨ ’ਤੇ ਧਰਨਾ ਦੇ ਕੇ ਸ਼ਾਮ ਦੇ ਚਾਰ ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ। ਕਿਸਾਨਾਂ-ਮਜ਼ਦੂਰਾਂ ਨੇ ਭਾਜਪਾ ਆਗੂਆਂ ਤੇ ਪੂੰਜੀਪਤੀਆਂ ਦੀ ਅਰਥੀ ਸਾੜੀ। ਇਸ ਮੌਕੇ ਆਗੂ ਜੋਗਿੰਦਰ ਕੌਰ, ਤੇਜਿੰਦਰ ਕੌਰ, ਬਿੰਦਰ ਕੌਰ ਸਰਬਜੀਤ ਕੌਰ, ਬਿੰਦਰ ਕੌਰ, ਸਰਬਜੀਤ ਸਿੰਘ, ਚੰਦ ਸਿੰਘ, ਜਗਦੇਵ ਸਿੰਘ, ਰਾਮਾ ਸਿੰਘ ਅਤੇ ਤੇਜਾ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕਰ ਕੇ ਮੁਲਾਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਰੇਲ ਮੁਸਾਫ਼ਿਰਾਂ ਲਈ ਲੰਗਰ ਤੇ ਚਾਹ ਦਾ ਪ੍ਰਬੰਧ ਕੀਤਾ
ਸਿਰਸਾ (ਪ੍ਰਭੂ ਦਿਆਲ): ਸੰਯੁਕਤ ਕਿਸਾਨ ਮੋਰਚਾ ਦੇ ਰੇਲ ਰੋਕੋ ਸੱਦੇ ਨੂੰ ਸਿਰਸਾ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਕਿਸਾਨਾਂ ਨੇ ਰਿਵਾੜੀ ਤੋਂ ਫ਼ਾਜ਼ਿਲਕਾ ਜਾਣ ਵਾਲੀ ਰੇਲ ਗੱਡੀ ਨੂੰ ਸਿਰਸਾ ਰੇਲਵੇ ਸਟੇਸ਼ਨ ’ਤੇ ਰੋਕ ਲਿਆ। ਲੁਧਿਆਣਾ ਤੋਂ ਸਿਰਸਾ ਆਉਣ ਵਾਲੀ ਸਵਾਰੀ ਰੇਲ ਗੱਡੀ ਨੂੰ ਸੁਚਾਨ ਸਟੇਸ਼ਨ ’ਤੇ ਹੀ ਰੋਕਣਾ ਪਿਆ। ਕਿਸਾਨਾਂ ਨੇ ਰੇਲਾਂ ਰੋਕਣ ਉਪਰੰਤ ਪਟੜੀਆਂ ’ਤੇ ਧਰਨਾ ਦਿੱਤਾ ਤੇ ਖੇਤੀ ਕਾਨੂੰਨ ਰੱਦ ਕਰਨ ਦੇ ਨਾਲ ਨਾਲ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਅਸਤੀਫ਼ੇ ਦੀ ਮੰਗ ਕੀਤੀ। ਕਿਸਾਨਾਂ ਨੇ ਰੇਲ ਮੁਸਾਫ਼ਿਰਾਂ ਲਈ ਲੰਗਰ ਤੇ ਚਾਹ ਦਾ ਪ੍ਰਬੰਧ ਕੀਤਾ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਹਾਲੇ ਤੱਕ ਇਸ ਮਾਮਲੇ ਵਿੱਚ ਨਾ ਤਾਂ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਨਾ ਹੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੇ ਆਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਤੁਰੰਤ ਅਜੈ ਮਿਸ਼ਰਾ ਨੂੰ ਆਹੁਦੇ ਤੋਂ ਬਰਖਾਸਤ ਕਰਨ। ਇਸ ਦੌਰਾਨ ਕਿਸਾਨਾਂ ਨੇ ਰੇਲ ਵਿੱਚ ਸਵਾਰ ਵਿਅਕਤੀਆਂ ਲਈ ਲੰਗਰ ਤੇ ਚਾਹ ਆਦਿ ਦਾ ਪ੍ਰਬੰਧ ਕੀਤਾ ਸੀ ਜੋ ਸਵੇਰੇ ਰੇਲ ਰੋਕੇ ਜਾਣ ਤੋਂ ਦੁਪਹਿਰ ਬਾਅਦ ਚਾਰ ਵਜੇ ਰੇਲ ਦੇ ਚਲਣ ਤੱਕ ਜਾਰੀ ਰਿਹਾ। ਇਸ ਦੌਰਾਨ ਰੇਲਵੇ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਜ਼ਾਬਤਾ ਹੀ ਸਾਡੀ ਤਾਕਤ: ਰੁਲਦੂ ਸਿੰਘ ਮਾਨਸਾ
ਬਰਨਾਲਾ (ਪਰਸ਼ੋਤਮ ਬੱਲੀ): ਸਥਾਨਕ ਰੇਲਵੇ ਸਟੇਸ਼ਨ ਦੀ ਪਾਰਕਿੰਗ ’ਚ ਚਲਦਾ ਧਰਨਾ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਰੇਲਵੇ ਟਰੈਕ ’ਤੇ ਲਾਇਆ ਗਿਆ ਜੋ ਸਵੇਰੇ ਦਸ ਤੋਂ ਸ਼ਾਮ ਚਾਰ ਵਜੇ ਤੱਕ ਜਾਰੀ ਰਿਹਾ। ਆਗੂਆਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੀ ਲਖੀਮਪੁਰ-ਖੀਰੀ ਕਾਂਡ ਵਿੱਚ ਸਿੱਧੀ ਸ਼ਮੂਲੀਅਤ ਹੈ, ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ। ਇੱਥੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਇਸ ਲਈ ਕੋਝੀਆਂ ਹਰਕਤਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਜ਼ਾਬਤਾ ਹੀ ਸਾਡੀ ਤਾਕਤ ਹੈ, ਸੋ ਏਕੇ ਦੇ ਨਾਲ ਜ਼ਾਬਤਾ ਬਰਕਰਾਰੀ ਲਾਜ਼ਮੀ ਹੈ।
ਲੰਘੇ ਕੱਲ੍ਹ ਪਿੰਡ ਪੱਖੋਕੇ ਦੇ ਖ਼ੁਦਕੁਸ਼ੀ ਕਰ ਗਏ ਕਿਸਾਨ ਬਲਦੇਵ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਬੁਲਾਰਿਆਂ ਨੇ ਪੰਜਾਬ ਵਿੱਚ ਡੀਏਪੀ ਖਾਦ ਦੀ ਕਿੱਲਤ ਨੂੰ ਦੂਰ ਕਰਨ ਦੀ ਵੀ ਪੁਰਜ਼ੋਰ ਮੰਗ ਕੀਤੀ। ਸਰਦਾਰਾ ਸਿੰਘ ਮੌੜ, ਨਰਿੰਦਰਪਾਲ ਸਿੰਗਲਾ, ਪ੍ਰੀਤ ਕੌਰ ਧੂਰੀ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।