ਕੀਵ, 10 ਜੁਲਾਈ
ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਈ ਦੇਸ਼ਾਂ ਵਿਚ ਮੁਲਕ ਦੇ ਰਾਜਦੂਤਾਂ ਨੂੰ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਵਿਚ ਯੂਕਰੇਨ ਦਾ ਭਾਰਤ ਵਿਚਲਾ ਰਾਜਦੂਤ ਵੀ ਸ਼ਾਮਲ ਹੈ। ਉਸ ਤੋਂ ਇਲਾਵਾ ਜਰਮਨੀ, ਚੈੱਕ ਗਣਰਾਜ, ਨਾਰਵੇ ਤੇ ਹੰਗਰੀ ਦੇ ਰਾਜਦੂਤਾਂ ਨੂੰ ਵੀ ਵਾਪਸ ਸੱਦ ਲਿਆ ਗਿਆ ਹੈ। ਰਾਸ਼ਟਰਪਤੀ ਦਫ਼ਤਰ ਮੁਤਾਬਕ ਨਵੇਂ ਅਧਿਕਾਰੀਆਂ ਨੂੰ ਇਨ੍ਹਾਂ ਅਹੁਦਿਆਂ ਉਤੇ ਲਾਇਆ ਜਾ ਰਿਹਾ ਹੈ। ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਇਹ ਆਮ ਕੂਟਨੀਤਕ ਪ੍ਰਕਿਰਿਆ ਹੈ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਕੀ ਵਾਪਸ ਸੱਦੇ ਗਏ ਰਾਜਦੂਤਾਂ ਨੂੰ ਕੋਈ ਨਵੀਂ ਭੂਮਿਕਾ ਮਿਲੇਗੀ ਜਾਂ ਨਹੀਂ। ਜ਼ੇਲੈਂਸਕੀ ਨੇ ਦੇਸ਼ ਦੇ ਕੂਟਨੀਤਕਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਮੁਲਕ ਲਈ ਕੌਮਾਂਤਰੀ ਸਮਰਥਨ ਤੇ ਫ਼ੌਜੀ ਸਹਾਇਤਾ ਜੁਟਾਉਣ। ਜਰਮਨੀ ਜੋ ਕਿ ਵੱਡੇ ਪੱਧਰ ’ਤੇ ਰੂਸੀ ਊਰਜਾ ਸਪਲਾਈ ਉਤੇ ਨਿਰਭਰ ਹੈ ਤੇ ਨਾਲ ਹੀ ਯੂਰੋਪ ਦੀ ਸਭ ਤੋਂ ਵੱਡੀ ਆਰਥਿਕਤਾ ਵੀ ਹੈ, ਨਾਲ ਯੂਕਰੇਨ ਦੇ ਰਿਸ਼ਤੇ ਵਿਸ਼ੇਸ਼ ਤੌਰ ’ਤੇ ਸੰਵੇਦਨਸ਼ੀਲ ਹਨ। ਜਰਮਨੀ ਵਿਚਲੇ ਯੂਕਰੇਨ ਦੇ ਰਾਜਦੂਤ ਨੇ ਰੂਸ ਦੇ ਹਮਲੇ ਤੋਂ ਬਾਅਦ ਉੱਥੋਂ ਦੇ ਸਿਆਸਤਦਾਨਾਂ ਖ਼ਿਲਾਫ਼ ਕਈ ਮੌਕਿਆਂ ’ਤੇ ਤਿੱਖੀ ਬਿਆਨਬਾਜ਼ੀ ਕੀਤੀ ਸੀ। ਇਸੇ ਦੌਰਾਨ ਯੂਕਰੇਨ ਉਤੇ ਰੂਸ ਦੇ ਹਮਲੇ ਜਾਰੀ ਹਨ। ਪੂਰਬੀ ਯੂਕਰੇਨ ’ਚ ਇਕ ਰਾਕੇਟ ਹਮਲੇ ਵਿਚ 15 ਲੋਕ ਮਾਰੇ ਗਏ ਹਨ। ਰਾਕੇਟ ਚੈਸੀਬ ਯਾਰ ਕਸਬੇ ਵਿਚ ਇਕ ਪੰਜ ਮੰਜ਼ਿਲਾ ਇਮਾਰਤ ਨਾਲ ਟਕਰਾ ਗਿਆ। ਦੋਨੇਤਸਕ ਖਿੱਤੇ ਦੇ ਗਵਰਨਰ ਪਾਵਲੋ ਕਿਰੀਲੈਂਕੋ ਨੇ ਦੱਸਿਆ ਕਿ ਤਿੰਨ ਦਰਜਨ ਤੋਂ ਵੱਧ ਲੋਕ ਮਲਬੇ ਹੇਠ ਦੱਬੇ ਹੋਏ ਹਨ। ਡੋਨਬਾਸ ਖੇਤਰ ਵਿਚ ਰੂਸੀ ਸੈਨਾ ਵੱਲੋਂ ਬੇਰੋਕ ਹਮਲੇ ਕੀਤੇ ਜਾ ਰਹੇ ਹਨ। -ਰਾਇਟਰਜ਼
ਗੈਸ ਟਰਬਾਈਨ ਮਾਮਲੇ ’ਤੇ ਜਰਮਨੀ ਤੇ ਯੂਕਰੇਨ ਦੇ ਸਿੰਙ ਫਸੇ
ਜਰਮਨੀ ਦੀ ਬਣੀ ਇਕ ਟਰਬਾਈਨ ਦੇ ਮਾਮਲੇ ’ਤੇ ਕੀਵ ਤੇ ਬਰਲਿਨ ਦੇ ਸਿੰਙ ਫਸੇ ਹੋਏ ਹਨ। ਇਹ ਟਰਬਾਈਨ ਇਸ ਵੇਲੇ ਕੈਨੇਡਾ ਵਿਚ ਮੁਰੰਮਤ ਲਈ ਪਈ ਹੈ। ਜਰਮਨੀ ਚਾਹੁੰਦਾ ਹੈ ਕਿ ਕੈਨੇਡਾ ਇਹ ਟਰਬਾਈਨ ਰੂਸ ਦੀ ਗੈਸ ਕੰਪਨੀ ਨੂੰ ਮੋੜੇ ਤਾਂ ਕਿ ਉਹ ਯੂਰੋਪ ਨੂੰ ਗੈਸ ਭੇਜ ਸਕਣ, ਪਰ ਕੀਵ ਨੇ ਕੈਨੇਡਾ ਨੂੰ ਬੇਨਤੀ ਕੀਤੀ ਸੀ ਕਿ ਉਹ ਟਰਬਾਈਨ ਵਾਪਸ ਨਾ ਭੇਜਣ, ਅਜਿਹਾ ਕਰਨ ਨਾਲ ਮਾਸਕੋ ਉਤੇ ਲੱਗੀਆਂ ਪਾਬੰਦੀਆਂ ਦੀ ਉਲੰਘਣਾ ਹੋਵੇਗੀ। ਪਰ ਕੈਨੇਡਾ ਨੇ ਸ਼ਨਿਚਰਵਾਰ ਕਿਹਾ ਹੈ ਕਿ ਉਹ ਟਰਬਾਈਨ ਮੋੜ ਦੇਵੇਗਾ। -ਏਪੀ