ਟੋਕੀਓ/ਨਵੀਂ ਦਿੱਲੀ, 16 ਸਤੰਬਰ
ਜਾਪਾਨ ਦੀ ਸੱਤਾਧਾਰੀ ਲਬਿਰਲ ਡੈਮੋਕ੍ਰੈਟਿਕ ਪਾਰਟੀ (ਐੱਲਡੀਪੀ) ਦੇ ਨਵੇਂ ਨੇਤਾ ਯੋਸ਼ੀਹਿਦੇ ਸੁਗਾ ਨੂੰ ਅੱਜ ਸੰਸਦ ’ਚ ਮਤਦਾਨ ਮਗਰੋਂ ਜਾਪਾਨ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ। ਉਹ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਉੱਤਰਾਧਿਕਾਰੀ ਬਣੇ ਹਨ। ਸ਼ਿੰਜ਼ੋ ਆਬੇ ਨੇ ਪਿਛਲੇ ਮਹੀਨੇ ਸਿਹਤ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਇਸੇ ਦੌਰਾਨ ਪ੍ਰਧਾਨ ਮੰਤਰੀ ਸੁਗਾ ਨੇ ਨਵੇਂ ਮੰਤਰੀ ਮੰਡਲ ਦਾ ਗਠਨ ਕੀਤਾ ਹੈ ਜਿਸ ਵਿੱਚ ਕਈ ਪੁਰਾਣੇ ਮੰਤਰੀ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਨੇਬੂਓ ਕਿਸ਼ੀ ਨੂੰ ਰੱਖਿਆ ਮੰਤਰੀ ਬਣਾਇਆ ਹੈ। ਉਹ ਮੰਤਰੀ ਮੰਡਲ ਵਿੱਚ ਨਵੇਂ ਚਿਹਰੇ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਦੇ ਭਰਾ ਹਨ। ਐੱਨਐੱਚਕੇ ਦੀਆਂ ਰਿਪੋਰਟਾਂ ਮੁਤਾਬਕ ਸ੍ਰੀ ਸੁਗਾ ਜੋ ਕਿ ਮੰਤਰੀ ਮੰਡਲ ਵਿੱਚ 7 ਸਾਲ ਤੋਂ ਵੱਧ ਸਮਾਂ ਮੁੱਖ ਕੈਬਨਿਟ ਸਕੱਤਰ ਰਹੇ, ਸ੍ਰੀ ਆਬੇ ਦੇ ਕਾਫ਼ੀ ਕਰੀਬੀ ਰਹੇ ਹਨ। ਇਸੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੁਗਾ ਨੂੰ ਪ੍ਰਧਾਨ ਮੰਤਰੀ ਬਣਨ ’ਤੇ ਵਧਾਈ ਿਦੱਤੀ। -ਏਜੰਸੀਆਂ
ਦੱਖਣੀ ਕੋਰੀਆ ਜਾਪਾਨ ਨਾਲ ਗੱਲਬਾਤ ਲਈ ਤਿਆਰ: ਮੂਨ
ਸਿਓਲ: ਦੱਖਣੀ ਕੋਰੀਆ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਦੱਸਿਆ ਕਿ ਪ੍ਰਧਾਨ ਮੰਤਰੀ ਮੂਨ ਜੇਈ-ਇਨ ਨੇ ਜਾਪਾਨ ਦੇ ਨਵੇਂ ਪ੍ਰਧਾਨ ਯੋਸ਼ੀਹਿਦੇ ਸੁਗਾ ਨੂੰ ਕਿਹਾ ਕਿ ਉਹ ਆਰਥਿਕ ਅਤੇ ਇਤਿਹਾਸਕ ਵਿਵਾਦ ਸੁਲਝਾਉਣ ਲਈ ਕਿਸੇ ਵੀ ਸਮੇਂ ਸਮਝੌਤਿਆਂ ’ਚ ਸੁਧਾਰ ਲਈ ਗੱਲਬਾਤ ਕਰਨ ਵਾਸਤੇ ਤਿਆਰ ਹਨ। -ਰਾਇਟਰਜ਼