ਪੇਈਚਿੰਗ: ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਊਹ ਬੰਗਲਾਦੇਸ਼ ਦੇ ਆਗੂਆਂ ਨਾਲ ਗੱਲਬਾਤ ਕਰਕੇ ਦੋਵੇਂ ਮੁਲਕਾਂ ਵਿਚਕਾਰ ਰਣਨੀਤੀ ਪੱਖੋਂ ਅਹਿਮ ਮੁੱਦਿਆਂ ’ਤੇ ਬਿਹਤਰ ਤਾਲਮੇਲ ਬਣਾਊਣ ਲਈ ਤਿਆਰ ਹਨ। ਊਨ੍ਹਾਂ ਕਿਹਾ ਕਿ ਚੀਨ ਅਰਬਾਂ ਡਾਲਰ ਦੀ ਪੱਟੀ ਅਤੇ ਸੜਕ ਮੁਹਿੰਮ (ਬੀਆਰਆਈ) ਦੀ ਊਸਾਰੀ ਲਈ ਸਾਂਝੇ ਯਤਨ ਆਰੰਭਣ ਲਈ ਤਿਆਰ ਹੈ। ਸ਼ੀ ਨੇ ਦੋਵੇਂ ਮੁਲਕਾਂ ਦੇ ਕੂਟਨੀਤਕ ਸਬੰਧਾਂ ਦੀ 45ਵੀਂ ਵਰ੍ਹੇਗੰਢ ਮੌਕੇ ਬੰਗਲਾਦੇਸ਼ ਦੇ ਆਪਣੇ ਹਮਰੁਤਬਾ ਮੁਹੰਮਦ ਅਬਦੁੱਲ ਹਾਮਿਦ ਨੂੰ ਵਧਾਈਆਂ ਦੇਣ ਮੌਕੇ ਇਹ ਟਿੱਪਣੀਆਂ ਕੀਤੀਆਂ। ਆਪਣੇ ਸੁਨੇਹੇ ’ਚ ਸ਼ੀ ਨੇ ਕਿਹਾ ਕਿ ਊਹ ਵਿਕਾਸ ਲਈ ਹਾਮਿਦ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ। ਚੀਨ ਨੇ ਬੰਗਲਾਦੇਸ਼ ਦੇ ਵੱਖ ਵੱਖ ਪ੍ਰਾਜੈਕਟਾਂ ’ਚ 26 ਅਰਬ ਡਾਲਰ ਦਾ ਨਿਵੇਸ਼ ਕੀਤਾ ਹੋਇਆ ਹੈ ਅਤੇ 38 ਅਰਬ ਡਾਲਰ ਦਾ ਹੋਰ ਨਿਵੇਸ਼ ਹੋਣਾ ਹੈ। ਸ਼ੀ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਕੋਵਿਡ-19 ਖਿਲਾਫ਼ ਰਲ ਕੇ ਜੰਗ ਲੜੀ ਹੈ। ਹਾਮਿਦ ਨੇ ਆਪਣੇ ਸੁਨੇਹੇ ’ਚ ਕਿਹਾ ਕਿ ਬੰਗਲਾਦੇਸ਼-ਚੀਨ ਸਬੰਧ ਤੇਜ਼ੀ ਨਾਲ ਵਿਕਸਤ ਹੋ ਰਹੇ ਹਨ।
-ਪੀਟੀਆਈ