ਪੇਈਚਿੰਗ / ਵਾਸ਼ਿੰਗਟਨ, 16 ਨਵੰਬਰ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਆਨਲਾਈਨ ਮੀਟਿੰਗ ਦੌਰਾਨ ਸਖਤ ਰੁਖ਼ ਅਪਣਾਉਂਦਿਆਂ ਕਿਹਾ ਕਿ ਚੀਨ ਆਪਣੀ ਪ੍ਰਭੂਸੱਤਾ ਤੇ ਸੁਰੱਖਿਆ ਹਿੱਤਾਂ ਦੀ ਲਾਜ਼ਮੀ ਤੌਰ ’ਤੇ ਰਾਖੀ ਕਰੇਗਾ। ਬਾਇਡਨ ਦੇ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਮਗਰੋਂ ਦੋਵਾਂ ਆਗੂਆਂ ਵਿਚਾਲੇ ਇਹ ਪਹਿਲੀ ਸਿਖਰ ਵਾਰਤਾ ਹੈ। ਇਸ ਤੋਂ ਪਹਿਲਾਂ ਦੋਵਾਂ ਨੇ ਦੋ ਵਾਰ ਫੋਨ ’ਤੇ ਗੱਲਬਾਤ ਕੀਤੀ ਹੈ। ਇਹ ਵਾਰਤਾ ਦੋ ਗੇੜਾਂ ’ਚ ਹੋਈ ਤੇ ਤਿੰਨ ਘੰਟੇ ਤੋਂ ਵੱਧ ਸਮਾਂ ਚੱਲੀ।
ਬਾਇਡਨ ਨਾਲ ਗੱਲਬਾਤ ਦੌਰਾਨ ਤਾਇਵਾਨ ਦੇ ਮੁੱਦੇ ’ਤੇ ਸ਼ੀ ਨੇ ਚਿਤਾਵਨੀ ਦਿੱਤੀ ਕਿ ਜੋ ਕੋਈ ਵੀ ਤਾਇਵਾਨ ਨੂੰ ਲੈ ਕੇ ਅੱਗ ਨਾਲ ਖੇਡੇਗਾ, ਉਹ ਸੜ ਜਾਵੇਗਾ। ਉਨ੍ਹਾਂ ਕਿਹਾ ਕਿ ਚੀਨ ਦਾ ਉਭਾਰ ਇਤਿਹਾਸ ਦੀ ਵੱਡੀ ਘਟਨਾ ਹੈ ਤੇ ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਤਾਇਵਾਨ ਦੇ ਸਬੰਧ ’ਚ ਜਿਨਪਿੰਗ ਨੇ ਤਣਾਅ ਲਈ ਤਾਇਵਾਨ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜੋ ਆਪਣੇ ਆਜ਼ਾਦੀ ਦੇ ਏਜੰਡੇ ਲਈ ਵਾਰ ਵਾਰ ਅਮਰੀਕਾ ਦੀ ਹਮਾਇਤ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਕੁਝ ਅਮਰੀਕੀਆਂ ਦਾ ਇਰਾਦਾ ਚੀਨ ਨੂੰ ਕੰਟਰੋਲ ਕਰਨ ਲਈ ਤਾਇਵਾਨ ਦੀ ਵਰਤੋਂ ਕਰਨ ਦਾ ਹੈ। ਉਨ੍ਹਾਂ ਬਾਇਡਨ ਨੂੰ ਕਿਹਾ, ‘ਅਜਿਹੀਆਂ ਹਰਕਤਾਂ ਬਹੁਤ ਖਤਰਨਾਕ ਹੁੰਦੀਆਂ ਹਨ ਤੇ ਠੀਕ ਉਸ ਤਰ੍ਹਾਂ ਜਿਵੇਂ ਅੱਗ ਨਾਲ ਖੇਡਣਾ। ਜੋ ਅੱਗ ਨਾਲ ਖੇਡੇਗਾ, ਉਹ ਸੜ ਜਾਵੇਗਾ।’ ਉਨ੍ਹਾਂ ਕਿਹਾ, ‘ਚੀਨ ਦੇ ਮੁਕੰਮਲ ਏਕੀਕਰਨ ਨੂੰ ਹਾਸਲ ਕਰਨਾ ਚੀਨੀ ਰਾਸ਼ਟਰ ਦੇ ਸਾਰੇ ਲੋਕਾਂ ਦਾ ਸਾਂਝਾ ਸੁਫ਼ਨਾ ਹੈ। ਸਾਡੇ ਕੋਲ ਸਬਰ ਹੈ ਅਤੇ ਪੂਰੀ ਇਮਾਨਦਾਰੀ ਤੇ ਕੋਸ਼ਿਸ਼ਾਂ ਨਾਲ ਸ਼ਾਂਤੀਪੂਰਨ ਮੁੜ ਰਲੇਵੇਂ ਦੀ ਸੰਭਾਵਨਾ ਦੀ ਕੋਸ਼ਿਸ਼ ਕਰਨਗੇ।’
ਸ਼ੀ ਜਿਨਪਿੰਗ ਤੇ ਜੋਅ ਬਾਇਡਨ ਨੇ ਮਨੁੱਖੀ ਅਧਿਕਾਰ, ਵਪਾਰ ਤੇ ਹਿੰਦ ਪ੍ਰਸ਼ਾਂਤ ਵਰਗੇ ਮੁੱਦਿਆਂ ’ਤੇ ਦੋਵਾਂ ਮੁਲਕਾਂ ਵਿਚਾਲੇ ਵਧ ਰਹੇ ਤਣਾਅ ਬਾਰੇ ਵੀ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਬਾਇਡਨ ਨੇ ਵਾਸ਼ਿੰਗਟਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਇਹ ਉਨ੍ਹਾਂ ਦੀ ਤੇ ਸ਼ੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮੁਕਾਬਲਾ ਟਕਰਾਅ ’ਚ ਨਾ ਬਦਲੇ। ਦੂਜੇ ਪਾਸੇ ਸ਼ੀ ਨੇ ਕਿਹਾ ਕਿ ਉਹ ਆਪਣੇ ‘ਪੁਰਾਣੇ ਦੋਸਤ’ ਨੂੰ ਦੇਖ ਕੇ ਖੁਸ਼ ਹਨ। ਸ਼ੀ ਦੀ ਟਿੱਪਣੀ ਤੋਂ ਕੁਝ ਘੰਟੇ ਪਹਿਲਾਂ ਹਾਂਗਕਾਂਗ ਸਥਿਤ ‘ਸਾਊਥ ਚਾਈਨਾ ਮੌਰਨਿੰਗ ਪੋਸਟ’ ਦੀ ਇੱਕ ਖ਼ਬਰ ਅਨੁਸਾਰ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਬਾਇਡਨ ਆਪਣੇ ਚੀਨੀ ਹਮਰੁਤਬਾ ਨੂੰ ਇਸ ਤਰ੍ਹਾਂ ਨਹੀਂ ਦੇਖਦੇ। ਬਾਇਡਨ ਨੇ ਕਿਹਾ ਕਿ ਉਹ ਦੋਵਾਂ ਮੁਲਕਾਂ ਵਿਚਾਲੇ ਸਰਲ ਤੇ ਸਿੱਧਾ ਮੁਕਾਬਲਾ ਚਾਹੁੰਦੇ ਹਨ। ਦੋਵਾਂ ਮੁਲਕਾਂ ਨੂੰ ਕੁਝ ਢੁੱਕਵੇਂ ਉਪਾਅ ਕਰਨ ਦੀ ਲੋੜ ਹੈ। ਉਨ੍ਹਾਂ ਦੋਵਾਂ ਮੁਲਕਾਂ ਦੇ ਜਲਵਾਯੂ ਤਬਦੀਲੀ ਵਰਗੇ ਅਹਿਮ ਮੁੱਦਿਆਂ ’ਤੇ ਸਹਿਯੋਗ ਦੀ ਗੱਲ ’ਤੇ ਜ਼ੋਰ ਦਿੱਤਾ ਤੇ ਕਿਹਾ ਕਿ ਦੁਨੀਆ ਦੇ ਨਾਲ ਨਾਲ ਆਪਣੇ ਲੋਕਾਂ ਪ੍ਰਤੀ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੀਟਿੰਗ ਲਈ ਉਨ੍ਹਾਂ ਦੇ ਏਜੰਡੇ ’ਚ ਮਨੁੱਖੀ ਅਧਿਕਾਰ, ਅਰਥਚਾਰਾ ਅਤੇ ਆਜ਼ਾਦੀ ਤੇ ਮੁਕਤ ਹਿੰਦ-ਪ੍ਰਸ਼ਾਂਤ ਦੇ ਮੁੱਦੇ ਹਨ। ਬਾਇਡਨ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਹਮੇਸ਼ਾ ਇੱਕ ਦੂਜੇ ਨਾਲ ਬਹੁਤ ਇਮਾਨਦਾਰੀ ਤੇ ਸਪੱਸ਼ਟ ਢੰਗ ਨਾਲ ਸੰਵਾਦ ਕੀਤਾ ਹੈ ਅਤੇ ਉਹ ਕਦੀ ਵੀ ਇਹ ਸੋਚ ਕੇ ਕੋਈ ਕਦਮ ਨਹੀਂ ਚੁੱਕਦੇ ਕਿ ਦੂਜਾ ਸ਼ਖ਼ਸ ਕੀ ਸੋਚ ਰਿਹਾ ਹੈ।
ਦੂਜੇ ਪਾਸੇ ਸ਼ੀ ਨੇ ਕਿਹਾ ਕਿ ਚੀਨ ਤੇ ਅਮਰੀਕਾ ਨੂੰ ਇੱਕ-ਦੂਜੇ ਦਾ ਸਨਮਾਨ ਕਰਨਾ ਚਾਹੀਦਾ ਹੈ, ਸ਼ਾਂਤੀ ਨਾਲ ਸਹਿਹੋਂਦ ਕਾਇਮ ਕਰਨੀ ਚਾਹੀਦੀ ਹੈ ਤੇ ਦੋਵਾਂ ਧਿਰਾਂ ਦੇ ਫਾਇਦੇ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਸ਼ੀ ਨੇ ਸਿਖਰ ਵਾਰਤਾ ’ਚ ਮਜ਼ਬੂਤ ਤੇ ਸਥਿਰ ਚੀਨ-ਅਮਰੀਕਾ ਸਬੰਧ ਬਣਾਉਣ ਦਾ ਸੱਦਾ ਦਿੱਤਾ ਤੇ ਦੁਵੱਲੇ ਸਬੰਧਾਂ ਨੂੰ ਸਕਾਰਾਤਮਕ ਦਿਸ਼ਾ ’ਚ ਅੱਗੇ ਵਧਾਉਣ ਲਈ ਆਮ ਸਹਿਮਤੀ ਕਾਇਮ ਕਰਨ ਤੇ ਸਰਗਰਮ ਕਦਮ ਚੁੱਕਣ ਲਈ ਬਾਇਡਨ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ। -ਪੀਟੀਆਈ