ਕੋਲੰਬੋ, 30 ਮਈ
ਵਿਸ਼ਵ ਬੈਂਕ ਡੂੰਘੇ ਆਰਥਿਕ ਸੰਕਟ ’ਚੋਂ ਗੁਜ਼ਰ ਰਹੇ ਸ੍ਰੀਲੰਕਾ ਨੂੰ 70 ਕਰੋੜ ਡਾਲਰ ਦੀ ਰਾਸ਼ੀ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮੌਜੂਦਾ ਕਰਜ਼ੇ ਨੂੰ ਹੀ ਨਵੀਂ ਮੱਦ ਵਿਚ ਵੰਡੇ ਜਾਣ ਨਾਲ ਸ੍ਰੀਲੰਕਾ ਨੂੰ ਫੌਰੀ ਰਾਹਤ ਮਿਲਣ ਦੀ ਉਮੀਦ ਹੈ। ਖ਼ਬਰ ਵੈੱਬਸਾਈਟ ‘ਕੋਲੰਬੋ ਗਜ਼ਟ’ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਵਿਸ਼ਵ ਬੈਂਕ ਦੇ ਸ੍ਰੀਲੰਕਾ ਪ੍ਰਮੁੱਖ ਚਿਓ ਕਾਂਡਾ ਨੇ ਪਿਛਲੇ ਹਫ਼ਤੇ ਵਿਦੇਸ਼ ਮੰਤਰੀ ਜੀ.ਐਲ. ਪੇਇਰਿਸ ਨਾਲ ਮੁਲਾਕਾਤ ਦੌਰਾਨ ਇਹ ਭਰੋਸਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਪਹਿਲਾਂ ਤੋਂ ਹੀ ਸਵੀਕਾਰ ਕੀਤੀਆਂ ਯੋਜਨਾਵਾਂ ਦੀ ਰਾਸ਼ੀ ਨੂੰ ਨਵੇਂ ਸਿਰਿਓਂ ਜਾਰੀ ਕਰੇਗਾ। ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਨੇ ਕਾਂਡਾ ਤੋਂ ਇਹ ਮੰਗ ਕੀਤੀ ਕਿ ਕੌਮਾਂਤਰੀ ਮੁਦਰਾ ਫੰਡ ਤੋਂ ਲੰਮੇ ਸਮੇਂ ਦੀ ਮਦਦ ਨਾ ਮਿਲਣ ਤੱਕ ਵਿਸ਼ਵ ਬੈਂਕ ਤੋਂ ਮਦਦ ਮੁਹੱਈਆ ਕਰਵਾਈ ਜਾਵੇ। -ਪੀਟੀਆਈ
ਅਮਰੀਕੀ ਰਾਜਦੂਤ ਨੂੰ 21ਵੀਂ ਸੋਧ ਬਾਰੇ ਜਾਣਕਾਰੀ ਦਿੱਤੀ
ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਜੀਐਲ ਪੇਇਰਿਸ ਨੇ ਅਮਰੀਕਾ ਦੀ ਰਾਜਦੂਤ ਜੂਲੀ ਚੁੰਗ ਨੂੰ ਸੰਵਿਧਾਨ ਵਿਚ ਤਜਵੀਜ਼ਸ਼ੁਦਾ 21ਵੀਂ ਸੋਧ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਚੁੰਗ ਦੇ ਨਾਲ ਦੁਵੱਲੇ ਸਬੰਧਾਂ ਤੋਂ ਇਲਾਵਾ ਸ੍ਰੀਲੰਕਾ ਨੂੰ ਆਰਥਿਕ ਸੰਕਟ ਤੋਂ ਉਭਾਰਨ ਲਈ ਕੌਮਾਂਤਰੀ ਭਾਈਚਾਰੇ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਬਾਰੇ ਵੀ ਵਿਆਪਕ ਚਰਚਾ ਕੀਤੀ। ਰਿਪੋਰਟ ਮੁਤਾਬਕ ਸੰਵਿਧਾਨ ਵਿਚ 21ਵੀਂ ਸੋਧ ਤੋਂ ਬਾਅਦ ਸੋਧ 20ਏ ਖ਼ਤਮ ਹੋ ਜਾਵੇਗੀ। ਇਸ ਤੋਂ ਪਹਿਲਾਂ 19ਵੀਂ ਸੋਧ ਰੱਦ ਕਰ ਕੇ 20ਏ ਪਾਸ ਕੀਤੀ ਗਈ ਸੀ ਜਿਸ ਤੋਂ ਬਾਅਦ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੂੰ ਜ਼ਿਆਦਾ ਤਾਕਤਾਂ ਮਿਲ ਗਈਆਂ ਸਨ। ਹੁਣ ਜੇ 21ਵੀਂ ਸੋਧ ਪਾਸ ਹੁੰਦੀ ਹੈ ਤਾਂ ਸੰਸਦ ਨੂੰ ਜ਼ਿਆਦਾ ਸ਼ਕਤੀਆਂ ਮਿਲ ਜਾਣਗੀਆਂ। -ਪੀਟੀਆਈ