ਬੈਂਕਾਕ, 19 ਜਨਵਰੀ
ਥਾਈਲੈਂਡ ਦੀ ਇੱਕ ਅਦਾਲਤ ਨੇ ਅੱਜ ਬਾਦਸ਼ਾਹ ਦੀ ਬੇਇੱਜ਼ਤੀ ਸਬੰਧੀ ਮੁਲਕ ਦੇ ਸਖਤ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਸਾਬਕਾ ਮਹਿਲਾ ਸਿਵਲ ਅਫਸਰ ਨੂੰ ਸਾਢੇ 43 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਹਿਲਾ ਨੂੰ ਬਾਦਸ਼ਾਹ ਖ਼ਿਲਾਫ਼ ਫੇਸਬੁੱਕ ਤੇ ਯੂਟਿਊਬ ’ਤੇ ਟਿੱਪਣੀਆਂ ਕਰਨ ਦਾ ਦੋਸ਼ੀ ਪਾਇਆ ਹੈ। ਦੇਸ਼ ਵਿੱਚ ਚੱਲ ਰਹੇ ਰੋਸ ਮੁਜ਼ਾਹਰਿਆਂ ਦਰਮਿਆਨ ਅਦਾਲਤ ਵੱਲੋਂ ਅੱਜ ਸੁਣਾਈ ਗਈ ਇਸ ਸਜ਼ਾ ਦੇ ਫ਼ੈਸਲੇ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਕਾਰਕੁਨ ਆਲੋਚਨਾ ਕਰ ਰਹੇ ਹਨ। ਮਨੁੱਖੀ ਅਧਿਕਾਰਾਂ ਬਾਰੇ ਨਿਗਰਾਨ ਸੰਸਥਾ ਦੇ ਸੀਨੀਅਰ ਖੋਜਾਰਥੀ ਸੁਨਾਈ ਫਾਸੁਕ ਨੇ ਕਿਹਾ ਕਿ ਅਦਾਲਤ ਵੱਲੋਂ ਅੱਜ ਸੁਣਾਇਆ ਗਿਆ ਫ਼ੈਸਲਾ ਪੂਰੀ ਤਰ੍ਹਾਂ ਹੈਰਾਨ ਤੇ ਸੁੰਨ ਕਰ ਦੇਣ ਵਾਲਾ ਹੈ। ਇਸ ਤੋਂ ਸਿੱਧਾ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਬਾਦਸ਼ਾਹ ਦੀ ਆਲੋਚਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਕੇਸ ’ਚ ਸਜ਼ਾ ਹਾਸਲ ਕਰਨ ਵਾਲੀ ਮਹਿਲਾ ਆਪਣੀ ਉਮਰ ਦੇ 60ਵੇਂ ਦਹਾਕੇ ’ਚੋਂ ਲੰਘ ਰਹੀ ਹੈ। ਅਦਾਲਤ ਨੇ ਉਸ ਨੂੰ ਪਹਿਲਾਂ 87 ਸਾਲ ਕੈਦ ਦੀ ਸਜ਼ਾ ਸੁਣਾਈ ਸੀ ਜੋ ਕਿ ਬਾਅਦ ਵਿੱਚ ਘਟਾ ਕੇ ਸਾਢੇ 43 ਸਾਲ ਕਰ ਦਿੱਤੀ ਗਈ ਹੈ।
-ਏਪੀ