ਪੇਈਚਿੰਗ, 11 ਨਵੰਬਰ
ਹੁਕਮਰਾਨ ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਦੀ ਉੱਚ ਪੱਧਰੀ ਬੈਠਕ ਦੌਰਾਨ ਪਾਰਟੀ ਦੇ ਪਿਛਲੇ 100 ਸਾਲ ਦੀਆਂ ਅਹਿਮ ਪ੍ਰਾਪਤੀਆਂ ਨੂੰ ਲੈ ਕੇ ਇਤਿਹਾਸਕ ਮਤਾ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਅਗਲੇ ਸਾਲ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਰਿਕਾਰਡ ਤੀਜੇ ਕਾਰਜਕਾਲ ਲਈ ਵੀ ਰਾਹ ਪੱਧਰਾ ਕਰ ਦਿੱਤਾ ਗਿਆ ਹੈ। ਪਾਰਟੀ ਦੀ 19ਵੀਂ ਕੇਂਦਰੀ ਕਮੇਟੀ ਦਾ ਛੇਵਾਂ ਸੈਸ਼ਨ 8 ਤੋਂ 11 ਨਵੰਬਰ ਤੱਕ ਪੇਈਚਿੰਗ ’ਚ ਕਰਵਾਇਆ ਗਿਆ। ਸੈਸ਼ਨ ਮੁਕੰਮਲ ਹੋਣ ਮਗਰੋਂ ਜਾਰੀ ਬਿਆਨ ’ਚ ਦੱਸਿਆ ਗਿਆ ਕਿ ਬੈਠਕ ’ਚ ਇਤਿਹਾਸਕ ਮਤੇ ਦੀ ਸਮੀਖਿਆ ਕਰਕੇ ਉਸ ਨੂੰ ਪਾਸ ਕੀਤਾ ਗਿਆ। ਸੀਪੀਸੀ ਦੇ 100 ਸਾਲ ਦੇ ਇਤਿਹਾਸ ’ਚ ਇਹ ਅਜਿਹਾ ਤੀਜਾ ਮਤਾ ਹੈ। ਪਾਰਟੀ ਇਸ ਬਾਰੇ ਭਲਕੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦੇਵੇਗੀ। ਬਿਆਨ ’ਚ ਕਿਹਾ ਗਿਆ ਹੈ ਕਿ ਸ਼ੀ ਜਿਨਪਿੰਗ ਨੇ ਸੈਸ਼ਨ ਦੌਰਾਨ ਅਹਿਮ ਭਾਸ਼ਨ ਦਿੱਤਾ। ਬੈਠਕ ਦੌਰਾਨ ਸ਼ੀ ਵੱਲੋਂ ਸੌਂਪੀ ਗਈ ਕਾਰਜ ਰਿਪੋਰਟ ’ਤੇ ਵੀ ਚਰਚਾ ਹੋਈ। ਸੀਪੀਸੀ ਦੀ 20ਵੀਂ ਨੈਸ਼ਨਲ ਕਾਂਗਰਸ ਪੇਈਚਿੰਗ ’ਚ ਕਰਨ ਦੇ ਮਤੇ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਜਿਸ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਸ਼ੀ ਦੇ ਨਾਮ ਨੂੰ ਤੀਜੇ ਕਾਰਜਕਾਲ ਲਈ ਪ੍ਰਸਤਾਵਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 68 ਸਾਲਾਂ ਦੇ ਸ਼ੀ ਦਾ ਚੀਨ ਦੀ ਸੱਤਾ ਦੇ ਤਿੰਨ ਕੇਂਦਰਾਂ ਸੀਪੀਸੀ ਦੇ ਜਨਰਲ ਸਕੱਤਰ, ਤਾਕਤਵਰ ਸੈਂਟਰਲ ਮਿਲਟਰੀ ਕਮਿਸ਼ਨ ਦੇ ਚੇਅਰਮੈਨ ਅਤੇ ਰਾਸ਼ਟਰਪਤੀ ਅਹੁਦੇ ’ਤੇ ਕਬਜ਼ਾ ਹੈ ਅਤੇ ਉਹ ਅਗਲੇ ਸਾਲ ਆਪਣਾ ਪੰਜ ਸਾਲ ਦਾ ਦੂਜਾ ਕਾਰਜਕਾਲ ਪੂਰਾ ਕਰਨਗੇ। ਸੀਪੀਸੀ ਦੀ ਇਸ ਬੈਠਕ ਨੂੰ ਸਿਆਸੀ ਤੌਰ ’ਤੇ ਵੀ ਸ਼ੀ ਜਿਨਪਿੰਗ ਲਈ ਅਹਿਮ ਮੰਨਿਆ ਜਾ ਰਿਹਾ ਸੀ ਜੋ ਆਪਣੇ 9 ਸਾਲ ਦੇ ਕਾਰਜਕਾਲ ਮਗਰੋਂ ਪਾਰਟੀ ਦੇ ਬਾਨੀ ਮਾਓ ਜ਼ੇ ਤੁੰਗ ਤੋਂ ਬਾਅਦ ਸਭ ਤੋਂ ਤਾਕਤਵਰ ਆਗੂ ਵਜੋਂ ਉੱਭਰੇ ਹਨ। -ਪੀਟੀਆਈ
ਸ਼ੀ ਵੱਲੋਂ ਏਸ਼ੀਆ-ਪ੍ਰਸ਼ਾਂਤ ਖ਼ਿੱਤੇ ਵਿੱਚ ‘ਸੀਤ ਜੰਗ’ ਖ਼ਿਲਾਫ਼ ਚਿਤਾਵਨੀ
ਵੈਲਿੰਗਟਨ: ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਏਸ਼ੀਆ-ਪ੍ਰਸ਼ਾਂਤ ਖ਼ਿੱਤੇ ’ਚ ਤਣਾਅ ਪੈਦਾ ਕਰਕੇ ਸੀਤ ਜੰਗ ਦੀ ਮਾਨਸਿਕਤਾ ਮੁੜ ਤੋਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਫੋਰਮ ਦੇ ਸਾਲਾਨਾ ਸੰਮੇਲਨ ਦੌਰਾਨ ਸ਼ੀ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਕੁਝ ਹਫ਼ਤੇ ਪਹਿਲਾਂ ਅਮਰੀਕਾ, ਬ੍ਰਿਟੇਨ ਅਤੇ ਆਸਟਰੇਲੀਆ ਨੇ ਖ਼ਿੱਤੇ ’ਚ ਨਵਾਂ ਸੁਰੱਖਿਆ ਗੱਠਜੋੜ ਬਣਾਉਣ ਦਾ ਐਲਾਨ ਕੀਤਾ ਹੈ। ਇਸ ਤਹਿਤ ਆਸਟਰੇਲੀਆ ਪਰਮਾਣੂ ਪਣਡੁੱਬੀਆਂ ਬਣਾਏਗਾ ਜਿਸ ਦੀ ਚੀਨ ਨੇ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਏਪੈਕ ’ਚ ਚੱਲ ਰਹੇ ਤਣਾਅ ਤਹਿਤ ਦੱਖਣ-ਪੂਰਬ ਏਸ਼ੀਆ ਦੇ ਇਕ ਡੈਲੀਗੇਟ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਅਮਰੀਕਾ ’ਚ 2023 ’ਚ ਸੰਮੇਲਨ ਕਰਾਉਣ ਬਾਰੇ ਅਜੇ ਸਹਿਮਤੀ ਨਹੀਂ ਬਣ ਸਕੀ ਹੈ ਕਿਉਂਕਿ ਰੂਸ ਅਜੇ ਆਪਣੀਆਂ ਮੰਗਾਂ ਮਨਵਾਉਣ ’ਤੇ ਅੜਿਆ ਹੋਇਆ ਹੈ। ਸ਼ੀ ਨੇ ਏਪੈਕ ’ਚ ਸੀਈਓ ਸੰਮੇਲਨ ਦੌਰਾਨ ਆਪਣੇ ਵੀਡੀਓ ਸੁਨੇਹੇ ’ਚ ਕਿਹਾ ਕਿ ਖ਼ਿੱਤੇ ’ਚ ਵਿਚਾਰਧਾਰਕ ਜਾਂ ਭੂਗੋਲਿਕ ਲਕੀਰਾਂ ਖਿੱਚਣ ਦੀਆਂ ਕੋਸ਼ਿਸ਼ਾਂ ਨਾਕਾਮ ਹੋਣਗੀਆਂ। ਸ਼ੀ ਸ਼ਨਿਚਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸਮੇਤ ਹੋਰ ਆਗੂਆਂ ਨਾਲ ਆਨਲਾਈਨ ਮੀਟਿੰਗ ’ਚ ਹਿੱਸਾ ਲੈਣਗੇ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਖ਼ਿੱਤੇ ’ਚ ਸਪਲਾਈ ਲਾਈਨਾਂ ਚੱਲਦੀਆਂ ਰਹਿਣੀਆਂ ਚਾਹੀਦੀਆਂ ਹਨ ਅਤੇ ਵਪਾਰ ਤੇ ਨਿਵੇਸ਼ ਦੇ ਰਾਹ ਖੁੱਲ੍ਹੇ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਖ਼ਿੱਤੇ ’ਚ ਮਹਾਮਾਰੀ ਦੇ ਟਾਕਰੇ ਲਈ ਪੂਰੀ ਤਾਕਤ ਨਾਲ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ। -ਏਪੀ