ਵਾਸ਼ਿੰਗਟਨ, 27 ਅਗਸਤ
ਵਿਸਕੌਨਸਿਨ ਵਿੱਚ ਐਤਵਾਰ ਨੂੰ ਪੁਲੀਸ ਵੱਲੋਂ ਸਿਆਹਫ਼ਾਮ ਨੌਜਵਾਨ ਨੂੰ ਮਾਰੀ ਗੋਲੀ ਮਗਰੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਬਣੇ ਨਸਲੀ ਤਲਖੀ ਵਾਲੇ ਮਾਹੌਲ ਦਰਮਿਆਨ ਸੱਤਾਧਾਰੀ ਰਿਪਬਲਿਕਨ ਪਾਰਟੀ ਦੇ ਆਗੂਆਂ ਨੇ ਪੁਲੀਸ ਦਾ ਜ਼ੋਰਦਾਰ ਬਚਾਅ ਕੀਤਾ ਹੈ। ਆਗੂਆਂ ਨੇ ਕਿਹਾ ਕਿ ਨਸਲੀ ਅਨਿਆਂ ਦੇ ਨਾਂ ’ਤੇ ਕਿਸੇ ਨੂੰ ਵੀ ਕਾਨੂੰਨ ਹੱਥਾਂ ’ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਾਰਟੀ ਆਗੂਆਂ ਨੇ ਰਿਪਬਲਿਕਨਾਂ ਦੀ ਕੌਮੀ ਕਨਵੈਨਸ਼ਨ ਦੀ ਤੀਜੀ ਰਾਤ ਆਪਣੇ ਸੰਬੋਧਨ ਵਿੱਚ ਮੰਨਿਆ ਕਿ ਹਿੰਸਾ ਕਰਕੇ ਸ਼ਹਿਰਾਂ ਵਿੱਚ ਤਬਾਹੀ ਹੋਈ ਹੈ, ਪਰ ਜ਼ਿਆਦਾਤਰ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਸ਼ਾਂਤੀਪੂਰਵਕ ਰਹੇ। ਉਨ੍ਹਾਂ ਕਿਹਾ ਕਿ ਡੈਮੋਕਰੈਟਿਕ ਆਗੂ ਮੁਜ਼ਾਹਰਾਕਾਰੀਆਂ ਨੂੰ ਲਾਕਾਨੂੰਨੀ ਦੀ ਇਜਾਜ਼ਤ ਦੇ ਰਹੇ ਹਨ। ਉਪ ਰਾਸ਼ਟਰਪਤੀ ਮਾਈਕ ਪੈਂਸ, ਜੋ ਅਗਾਮੀ ਚੋਣਾਂ ਵਿੱਚ ਵੀ ਇਸੇ ਅਹੁਦੇ ਲਈ ਉਮੀਦਵਾਰ ਹਨ, ਨੇ ਕਿਹਾ, ‘ਅਮਰੀਕੀ ਲੋਕ ਇਹ ਜਾਣਦੇ ਹਨ ਕਿ ਅਸੀਂ ਆਪਣੇ ਸ਼ਹਿਰਾਂ ਤੇ ਕਸਬਿਆਂ ਵਿੱਚ ਜ਼ਿੰਦਗੀ ਦੇ ਮਿਆਰ ਨੂੰ ਸੁਧਾਰਨ ਲਈ ਪੁਲੀਸ ਤੇ ਅਫ਼ਰੀਕੀ ਅਮਰੀਕੀ ਗੁਆਂਢੀਆਂ ’ਚੋਂ ਕਿਸੇ ਇਕ ਦੀ ਚੋਣ ਨਹੀਂ ਕਰਨੀ।’ ਪੈਂਸ ਨੇ ਇਸ ਮੌਕੇ ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੋਅ ਬਾਇਡਨ ਨੂੰ ਵੀ ਨਿਸ਼ਾਨਾ ਬਣਾਇਆ। ਬੁਲਾਰਿਆਂ ਨੇ ‘ਬਲੈਕ ਲਾਈਵਜ਼ ਮੈਟਰ ਮੂਵਮੈਂਟ’ ਦਾ ਵੀ ਵਿਰੋਧ ਕੀਤਾ। -ਏਪੀ
‘ਚੀਨ ਦੀ ਕਮਿਊਨਿਸਟ ਪਾਰਟੀ ਮਨੁੱਖਤਾ ਦੀ ਦੁਸ਼ਮਣ’
ਨਿਊ ਯਾਰਕ: ਮਨੁੱਖੀ ਹੱਕਾਂ ਬਾਰੇ ਨੇਤਰਹੀਣ ਚੀਨੀ ਕਾਰਕੁਨ ਚੈੱਨ ਗੁਆਂਗਚੈਂਗ ਨੇ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਮਨੁੱਖਤਾ ਦੀ ‘ਦੁਸ਼ਮਣ’ ਦੱਸਦਿਆਂ ਕਿਹਾ ਕਿ ਉਹ ਆਪਣੇ ਹੀ ਲੋਕਾਂ ਨੂੰ ‘ਦਹਿਸ਼ਤਜ਼ਦਾ’ ਕਰ ਰਹੀ ਹੈ। ਚੀਨੀ ਕਾਰਕੁਨ ਨੇ ਰਿਪਬਲਿਕਨਾਂ ਦੀ ਕੌਮੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਹੋਰਨਾਂ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਚੀਨ ਦੇ ਹਮਲਾਵਰ ਰੁਖ਼ ਨੂੰ ਠੱਲ੍ਹਣ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਸਾਥ ਦੇਣ। -ਪੀਟੀਆਈ