ਯੋਰੋਸ਼ਲਮ, 25 ਮਈ
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਜ਼ਰਾਈਲ-ਹਮਾਸ ਵਿਚਾਲੇ ਸੰਘਰਸ਼ ਤੋਂ ਬਾਅਦ ਬੁਰੀ ਤਰ੍ਹਾਂ ਤਬਾਹ ਹੋਏ ਗਾਜ਼ਾ ਦੀ ਮਦਦ ਲਈ ਅੱਜ ਕੌਮਾਂਤਰੀ ਸਹਿਯੋਗ ਦਾ ਸੱਦਾ ਦਿੱਤਾ ਹੈ। ਬਲਿੰਕਨ ਪੱਛਮੀ ਏਸ਼ੀਆ ਦੇ ਆਪਣੇ ਦੌਰੇ ਦੇ ਸ਼ੁਰੂਆਤੀ ਗੇੜ ਤਹਿਤ ਇਜ਼ਰਾਈਲ ਪਹੁੰਚ ਗਏ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਦੀ ਇਸ ਯਾਤਰਾ ਦਾ ਮਕਸਦ ਗਾਜ਼ਾ ਵਿਚ ਗੋਲੀਬੰਦੀ ਨੂੰ ਉਤਸ਼ਾਹਿਤ ਕਰਨਾ ਹੈ। ਬਲਿੰਕਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਅਮਰੀਕਾ ਤੱਟੀ ਖੇਤਰ ’ਚ ਪੈਦਾ ਹੋਏ ਗੰਭੀਰ ਮਨੁੱਖੀ ਸੰਕਟ ਦੇ ਹੱਲ ਲਈ ਕੰਮ ਕਰੇਗਾ। ਹਾਲਾਂਕਿ ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਅਮਰੀਕਾ ਗਾਜ਼ਾ ਦੇ ਹਮਾਸ ਸ਼ਾਸਕਾਂ ਨੂੰ ਇਸ ਮੁੜ ਵਸੇਬਾ ਮਦਦ ਤੋਂ ਕੋਈ ਫਾਇਦਾ ਨਹੀਂ ਲੈਣ ਦੇਵੇਗਾ। ਅਮਰੀਕੀ ਵਿਦੇਸ਼ ਮੰਤਰੀ ਮੰਗਲਵਾਰ ਸਵੇਰੇ ਇਜ਼ਰਾਈਲ ਦੇ ਬੈਨ ਗੁਰੀਅਨ ਕੌਮਾਂਤਰੀ ਹਵਾਈ ਅੱਡੇ ਪੁੱਜੇ ਜਿੱਥੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਾਬੀ ਅਸ਼ਕੇਨਾਜ਼ੀ ਤੇ ਹੋਰਨਾਂ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਖੇਤਰ ਦਾ ਦੌਰਾ ਕਰਨ ਵਾਲੇ ਬਲਿੰਕਨ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਦੇ ਸਭ ਤੋਂ ਸੀਨੀਅਰ ਅਧਿਕਾਰੀ ਹਨ। ਮਾਹਿਰਾਂ ਅਨੁਸਾਰ ਬਲਿੰਕਨ ਨੂੰ ਉਨ੍ਹਾਂ ਅੜਿੱਕਿਆਂ ਦਾ ਮੁੜ ਤੋਂ ਸਾਹਮਣਾ ਕਰਨਾ ਪਵੇਗਾ ਜਿਨ੍ਹਾਂ ਕਰਕੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸ਼ਾਂਤੀ ਪ੍ਰਕਿਰਿਆ ਰੁਕੀ ਹੋਈ ਹੈ। ਇਨ੍ਹਾਂ ’ਚ ਇਜ਼ਰਾਇਲੀ ਅਗਵਾਈ, ਫਲਸਤੀਨ ਦੀ ਵੰਡ ਅਤੇ ਯੋਰੋਸ਼ਲਮ ਤੇ ਉਸ ਦੀਆਂ ਧਾਰਮਿਕ ਥਾਵਾਂ ਦੇ ਆਲੇ ਦੁਆਲੇ ਫੈਲੇ ਤਣਾਅ ਵਰਗੇ ਮੁੱਦੇ ਸ਼ਾਮਲ ਹਨ। -ਪੀਟੀਆਈ