ਕੋਲੰਬੋ, 6 ਅਕਤੂਬਰ
ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਸੰਸਦ ਵਿੱਚ ਐਲਾਨ ਕੀਤਾ ਕਿ ਉਹ ਦੇਸ਼ ਦੇ ਆਰਥਿਕ ਸੰਕਟ ਬਾਰੇ ਚਰਚਾ ਲਈ ਜਲਦੀ ਨਵੀਂ ਦਿੱਲੀ ਦਾ ਦੌਰਾ ਕਰਨਗੇ। ਰਾਸ਼ਟਰਪਤੀ ਨੇ ਹਾਲ ਵਿੱਚ ਕੀਤੇ ਜਪਾਨ, ਸਿੰਗਾਪੁਰ ਅਤੇ ਫਿਲਪੀਨਜ਼ ਦੇ ਦੌਰੇ ਬਾਰੇ ਸੰਸਦ ਨੂੰ ਦੱਸਿਆ, ‘‘ਅਸੀਂ ਭਾਰਤ ਨਾਲ ਆਪਣੀ ਗੱਲਬਾਤ ਜਾਰੀ ਰੱਖ ਰਹੇ ਹਾਂ। ਜਪਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਸੰਖੇਪ ਮੀਟਿੰਗ ਦੌਰਾਨ ਮੈਂ ਉਨ੍ਹਾਂ ਨੂੰ ਆਪਣੀ ਸਥਿਤੀ ਬਾਰੇ ਜਾਣਕਾਰੀ ਦੇਣ ਲਈ ਨਵੀਂ ਦਿੱਲੀ ਜਾਣ ਦੀ ਆਪਣੀ ਇੱਛਾ ਦਾ ਜ਼ਿਕਰ ਕੀਤਾ।’’ ਵਿਕਰਮਸਿੰਘੇ ਨੇ ਕਿਹਾ, ‘‘ਮੋਦੀ ਨੇ ਹਮੇਸ਼ਾ ਸਾਨੂੰ ਆਪਣਾ ਸਹਿਯੋਗ ਦਿੱਤਾ ਹੈ। ਮੈਂ ਹਮੇਸ਼ਾ ਹੀ ਸਾਡੇ ਸੰਕਟ ਦੇ ਸਮੇਂ ਭਾਰਤ ਵੱਲੋਂ ਕੀਤੀ ਗਈ ਮਦਦ ਦੀ ਸਰਾਹਨਾ ਕੀਤੀ ਹੈ। ਭਾਰਤ ਸਾਡੇ ਪੁਨਰਨਿਰਮਾਣ ਦੀਆਂ ਕੋਸ਼ਿਸ਼ਾਂ ਵਿੱਚ ਆਪਣਾ ਸਹਿਯੋਗ ਦਿੰਦਾ ਰਹੇਗਾ।’’ -ਪੀਟੀਆਈ
ਕਰਜ਼ੇ ਬਾਰੇ ਚੀਨ ਨਾਲ ਗੱਲਬਾਤ ਸ਼ੁਰੂ
ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਰਜ਼ੇ ਦੇ ਮੁੱਦੇ ’ਤੇ ਚੀਨ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿੱਚ ਟੋਕੀਓ ਦੌਰੇ ਤੋਂ ਪਰਤੇ ਵਿਕਰਮਸਿੰਘੇ ਨੇ ਕਿਹਾ ਕਿ ਜਾਪਾਨ ਸਰਕਾਰ ਨੇ ਚੀਨ ਨਾਲ ਗੱਲਬਾਤ ਲਈ ਵਿਚੋਲਗੀ ਕਰਨ ਦੀ ਸਹਿਮਤੀ ਦਿੱਤੀ ਹੈ। -ਏਪੀ