ਲੰਡਨ, 16 ਮਈ
ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਆਖਿਆ ਹੈ ਅਮੀਰ ਦੇਸ਼ਾਂ ਨੂੰ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਕਰੋਨਾ ਰੋਕੂ ਟੀਕਾ ਲਾਉਣ ਦੀ ਯੋਜਨਾ ਨੂੰ ਟਾਲਣਾ ਚਾਹੀਦਾ ਹੈ ਤੇ ਘੱਟ ਆਮਦਨੀ ਵਾਲੇ ਮੁਲਕਾਂ ਨੂੰ ਇਹ ਵੈਕਸੀਨ ਦਾਨ ਕਰਨੀ ਚਾਹੀਦੀ ਹੈ। ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਡਾਕਟਰ ਟੈਡਰੋਸ ਅਧਾਨੌਮ ਗੈਬ੍ਰੇਸਸ ਨੇ ਸ਼ੁੱਕਰਵਾਰ ਨੂੰ ਜੇਨੇਵਾ ਵਿੱਚ ਇੱਕ ਵਰਚੁਅਲ ਕਾਨਫਰੰਸ ਵਿੱਚ ਮੀਡੀਆ ਨੂੰ ਦੱਸਿਆ, ‘ਮੁੱਠੀ ਭਰ ਅਮੀਰ ਦੇਸ਼ਾਂ, ਜਿਨ੍ਹਾਂ ਨੇ ਬਹੁਤੇ ਟੀਕੇ ਦੀ ਸਪਲਾਈ ਖਰੀਦੀ ਹੈ, ਵਿੱਚ ਹੁਣ ਹੇਠਲੇ ਜੋਖ਼ਮ ਵਾਲੇ ਸਮੂਹ ਨੂੰ ਟੀਕੇ ਲਗਾਏ ਜਾ ਰਹੇ ਹਨ। ਮੈਂ ਸਮਝਦਾ ਹਾਂ ਕਿ ਕੁਝ ਦੇਸ਼ ਆਪਣੇ ਬੱਚਿਆਂ ਅਤੇ ਕਿਸ਼ੋਰਾਂ ਨੂੰ ਟੀਕਾ ਕਿਉਂ ਲਗਾਉਣਾ ਚਾਹੁੰਦੇ ਹਨ, ਪਰ ਇਸ ਵੇਲੇ ਮੈਂ ਉਨ੍ਹਾਂ ਨੂੰ ਇਸ ’ਤੇ ਦੁਬਾਰਾ ਵਿਚਾਰ ਕਰਨ ਅਤੇ ਕੋਵੈਕਸ ਨੂੰ ਟੀਕੇ ਦਾਨ ਕਰਨ ਦੀ ਅਪੀਲ ਕਰਦਾ ਹਾਂ।’ ਇਹ ਬਿਆਨ ਉਦੋਂ ਆਇਆ, ਜਦੋਂ ਪਿਛਲੇ ਹਫ਼ਤੇ ਅਮਰੀਕਾ, ਕੈਨੇਡਾ ਅਤੇ ਸਵਿੱਟਜ਼ਰਲੈਂਡ ਨੇ ਕਿਸ਼ੋਰਾਂ ਨੂੰ ਕਰੋਨਾਵਾਇਰਸ ਟੀਕੇ ਲਾਉਣ ਦੀ ਯੋਜਨਾ ਬਣਾਈ ਸੀ। ਡਿਊਕ ਗਲੋਬਲ ਹੈਲਥ ਇਨੋਵੇਸ਼ਨ ਸੈਂਟਰ ਦੇ ਅਧਿਐਨ ਅਨੁਸਾਰ ਕੋਵਿਡ ਟੀਕਿਆਂ ਦੀ ਗਲੋਬਲ ਵੰਡ ਇੱਕੋ ਜਿਹੀ ਨਹੀਂ ਹੈ। ਗੈਬ੍ਰੇਸਸ ਨੇ ਕਿਹਾ ਕਿ ਇਹ ਤੱਥ ਕਿ ਬਹੁਤ ਸਾਰੇ ਲੋਕ ਅਜੇ ਵੀ ਸੁਰੱਖਿਅਤ ਨਹੀਂ ਹਨ, ਦੁਨੀਆ ਭਰ ਵਿੱਚ ਟੀਕਿਆਂ ਦੀ ਪਹੁੰਚ ਵਿੱਚ ਹੋਏ ਵਿਆਪਕ ਵਿਗਾੜ ਦੀ ਦੁੱਖਦਾਈ ਝਲਕ ਹੈ। ਉਨ੍ਹਾਂ ਕਿਹਾ ਕਿ ਜਨਤਕ ਸਿਹਤ ਦੇ ਉਪਾਅ ਅਤੇ ਟੀਕਾਕਰਨ ਦੇ ਸੁਮੇਲ ਨਾਲ ਜਾਨਾਂ ਬਚਾਉਣ ਦਾ ਉਪਯੋਗ ਮਹਾਮਾਰੀ ਤੋਂ ਬਾਹਰ ਨਿਕਲਣ ਦਾ ਇੱਕੋ ਇੱਕ ਰਾਹ ਹੈ। -ਪੀਟੀਆਈ