ਯੇਰੇਵਾਨ(ਅਰਮੀਨੀਆ), 27 ਸਤੰਬਰ
ਅਰਮੀਨੀਆ ਤੇ ਅਜ਼ਰਬਾਇਜਾਨ ਵਿਚਾਲੇ ਜੰਗ ਛਿੜ ਗਈ ਹੈ। ਦੋਵਾਂ ਧਿਰਾਂ ਵਿਚਾਲੇ ਅੱਜ ਨਾਗੋਰਨੋ-ਕਰਾਬਾਖ਼ ਦੇ ਵੱਖਵਾਦੀ ਖੇਤਰ ਦੁਆਲੇ ਜੰਗ ਹੋਈ। ਅਰਮੇਨੀਆ ਦੇ ਰੱਖਿਆ ਮੰਤਰਾਲੇ ਨੇ ਅਜ਼ਰਬਾਇਜਾਨ ਦੇ ਦੋ ਹੈਲੀਕਾਪਟਰਾਂ ਨੂੰ ਸੁੱਟ ਲੈਣ ਦਾ ਦਾਅਵਾ ਕੀਤਾ ਹੈ।
ਮੰਤਰਾਲੇ ਦੀ ਮਹਿਲਾ ਤਰਜਮਾਨ ਸੁਸ਼ਾਨ ਸਟੈਪਾਨਿਆਨ ਨੇ ਕਿਹਾ ਕਿ ਅਰਮੀਨਿਆਈ ਸੁਰੱਖਿਆ ਬਲਾਂ ਨੇ ਤਿੰਨ ਅਜ਼ਰਬਾਇਜਾਨੀ ਟੈਂਕਾਂ ਨੂੰ ਵੀ ਫੁੰਡਿਆ ਹੈ। ਹਾਲ ਦੀ ਘੜੀ ਦੋਵੇਂ ਪਾਸੇ ਹੋਏ ਜਾਨੀ ਮਾਲੀ ਨੁਕਸਾਨ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ।
ਨਗੋਰਨੋ-ਕਰਾਬਾਖ਼ ਨਸਲੀ ਅਰਮੇਨੀਅਨ ਖੇਤਰ ਹੈ, ਜੋ ਅਜ਼ਰਬਾਇਜਨ ਦੇ ਘੇਰੇ ਵਿੱਚ ਆਉਂਦਾ ਤਾਂ ਹੈ, ਪਰ ਸਾਲ 1994 ਵਿੱਚ ਖ਼ਤਮ ਹੋਈ ਜੰਗ ਮਗਰੋਂ ਉਸ ਦਾ ਇਸ ’ਤੇ ਕੰਟਰੋਲ ਨਹੀਂ ਰਿਹਾ।
ਦੋਵਾਂ ਮੁਲਕਾਂ ਦੀਆਂ ਫੌਜਾਂ ਦੀ ਇਸ ਖੇਤਰ ਵਿੱਚ ਵੱਡੀ ਮੌਜੂਦਗੀ ਹੈ। ਖੇਤਰ ਵਿੱਚ ਇਕ ਗੈਰਫੌਜੀ ਜ਼ੋਨ ਵੀ ਹੈ, ਜੋ ਇਸ ਖਿੱਤੇ ਨੂੰ ਬਾਕੀ ਦੇ ਅਜ਼ਰਬਾਇਜਾਨ ਤੋਂ ਅਲਹਿਦਾ ਕਰਦਾ ਹੈ। ਉਧਰ ਅਜ਼ਰਬਾਇਜਾਨ ਦੇ ਰੱਖਿਆ ਮੰਤਰੀ ਨੇ ਅਰਮੀਨੀਆ ਵੱਲੋਂ ਊਸ ਦੇ ਹੈਲੀਕੌਪਟਰਾਂ ਤੇ ਟੈਂਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਹਾਲਾਂਕਿ ਰਾਸ਼ਟਰਪਤੀ ਇਲਹਾਮ ਅਲੀਯੇਵ ਨੇ ਟੀਵੀ ’ਤੇ ਰਾਸ਼ਟਰ ਦੇ ਨਾਂ ਸੰਬੋਧਨ ਵਿੱਚ ਅਰਮੀਨੀਆ ਵੱਲੋਂ ਕੀਤੀ ਬੰਬਾਰੀ ’ਚ ਅਜ਼ਰਬਾਇਜਾਨ ਦੇ ਸੁਰੱਖਿਆ ਦਸਤਿਆਂ ਤੇ ਆਮ ਵਸੋਂ ਦਾ ਨੁਕਸਾਨ ਹੋਣ ਦੀ ਗੱਲ ਆਖੀ ਹੈ। -ਏਪੀ