ਟੋਕੀਓ, 10 ਜੁਲਾਈ
ਜਾਪਾਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ ਦੇ ਪਰਛਾਵੇਂ ਹੇਠ ਲੋਕਾਂ ਨੇ ਵੋਟਾਂ ਪਾਈਆਂ। ਇਸ ਦੌਰਾਨ ਸੁਰੱਖਿਆ ਪ੍ਰਬੰਧ ਕਾਫੀ ਸਖ਼ਤ ਰਹੇ ਪਰ ਪਾਰਟੀ ਦੇ ਆਗੂਆਂ ਨੇ ਭੀੜ ਵਿੱਚ ਜਾਣ ਤੋਂ ਪਰਹੇਜ਼ ਕੀਤਾ। ਇਸ ਤੋਂ ਇਕ ਦਿਨ ਪਹਿਲਾਂ ਪਾਰਟੀ ਆਗੂਆਂ ਨੇ ਪ੍ਰਚਾਰ ਮੁਹਿੰਮ ਦੌਰਾਨ ਲੋਕਤੰਤਰ ਤੇ ਬੋਲਣ ਦੀ ਆਜ਼ਾਦੀ ਬਹਾਲ ਰੱਖਣ ਦੇ ਸੁਨੇਹੇ ਦਿੱਤੇ। ਸੰਸਦ ਦੇ ਉੱਪਰਲੇ ਸਦਨ ਲਈ ਹੋ ਰਹੀਆਂ ਚੋਣਾਂ ਸਬੰਧੀ ਸਾਹਮਣੇ ਆਏ ਐਗਜ਼ਿਟ ਪੋਲ ਵਿੱਚ ਆਬੇ ਦੀ ਪਾਰਟੀ ਜਿੱਤ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ। ਸ਼ੁੱਕਰਵਾਰ ਨੂੰ ਗੋਲੀ ਮਾਰ ਕੇ ਕੀਤੀ ਗਈ ਆਬੇ ਦੀ ਹੱਤਿਆ ਕਾਰਨ ਦੇਸ਼ ਅਜੇ ਵੀ ਸਦਮੇ ਵਿੱਚ ਹੈ ਅਤੇ ਦੇਸ਼ ਭਰ ਵਿੱਚ ਦਿਖ ਰਹੀ ਹਮਦਰਦੀ ਦੀ ਵੋਟ ਦੀ ਲਹਿਰ ਕਰ ਕੇ ਵੀ ਸੰਭਵ ਤੌਰ ’ਤੇ ਆਬੇ ਦੀ ਪਾਰਟੀ ਦੀ ਜਿੱਤ ਹੋ ਸਕਦੀ ਹੈ। ਅੱਜ ਪੱਛਮੀ ਜਾਪਾਨ ਵਿੱਚ ਪੁਲੀਸ ਨੇ ਸ਼ੱਕੀ ਕਾਤਲ ਨੂੰ ਅਗਲੀ ਜਾਂਚ ਲਈ ਇਕ ਸਥਾਨਕ ਸਰਕਾਰੀ ਵਕੀਲ ਦੇ ਦਫ਼ਤਰ ਵਿੱਚ ਭੇਜਿਆ। ਇਕ ਚੋਟੀ ਦੇ ਖੇਤਰੀ ਪੁਲੀਸ ਅਧਿਕਾਰੀ ਨੇ ਸੁਰੱਖਿਆ ਪ੍ਰਬੰਧਾਂ ਵਿੱਚ ਸੰਭਾਵੀ ਤੌਰ ’ਤੇ ਖਾਮੀ ਹੋਣ ਦੀ ਗੱਲ ਆਖੀ, ਜਿਸ ਕਰ ਕੇ ਹਮਲਾਵਰ ਨੂੰ ਆਬੇ ਦੇ ਨੇੜੇ ਜਾਣ ਦਾ ਮੌਕਾ ਮਿਲਿਆ ਅਤੇ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਗੋਲੀ ਮਾਰ ਦਿੱਤੀ। ਐੱਨਐੱਚਕੇ ਸਰਕਾਰੀ ਬਰਾਡਕਾਸਟਰ ਤੇ ਹੋਰ ਮੀਡੀਆ ਅਨੁਸਾਰ ਲਬਿਰਲ ਡੈਮੋਕਰੈਟਿਕ ਪਾਰਟੀ ਨੂੰ 125 ਸੀਟਾਂ ਦਾ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਆਬੇ ਦੀ ਹੱਤਿਆ ਦੇ ਮੱਦੇਨਜ਼ਰ ਐਤਵਾਰ ਦੀਆਂ ਚੋਣਾਂ ਦਾ ਨਵਾਂ ਹੀ ਮਤਲਬ ਨਿਕਲ ਕੇ ਆਇਆ। ਇਸ ਦੌਰਾਨ ਸਾਰੇ ਸਿਆਸੀ ਆਗੂ ਬੋਲਣ ਦੀ ਆਜ਼ਾਦੀ ਦੀ ਅਹਿਮੀਅਤ ’ਤੇ ਜ਼ੋਰ ਦੇ ਰਹੇ ਸਨ। ਸ਼ਨਿਚਰਵਾਰ ਨੂੰ ਪ੍ਰਚਾਰ ਦੇ ਆਖ਼ਰੀ ਦਿਨ ਸੁਰੱਖਿਆ ਪ੍ਰਬੰਧ ਕਾਫੀ ਸਖ਼ਤ ਸਨ। -ਏਪੀ