ਢਾਕਾ, 17 ਜੁਲਾਈ
ਬੰਗਲਾਦੇਸ਼ ਵਿਚ ਹਿੰਦੂ ਭਾਈਚਾਰੇ ਨਾਲ ਸਬੰਧਤ ਲੋਕਾਂ ਦੇ ਮੰਦਰ, ਦੁਕਾਨਾਂ ਅਤੇ ਕਈ ਘਰਾਂ ਦੀ ਤੋੜ-ਭੰਨ ਕੀਤੀ ਗਈ ਹੈ। ਇਹ ਟਕਰਾਅ ਮੁਲਕ ਦੇ ਦੱਖਣ-ਪੱਛਮ ਹਿੱਸੇ ਵਿਚ ਇਕ ਫੇਸਬੁੱਕ ਪੋਸਟ ’ਤੇ ਹੋਇਆ ਹੈ। ਵੇਰਵਿਆਂ ਮੁਤਾਬਕ ਸੋਸ਼ਲ ਮੀਡੀਆ ਪੋਸਟ ਵਿਚ ਕਥਿਤ ਤੌਰ ’ਤੇ ਇਸਲਾਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਭਾਰਤ ਦੇ ਗੁਆਂਢੀ ਮੁਲਕ ਵਿਚ ਹਿੰਦੂ ਘੱਟਗਿਣਤੀਆਂ ਖ਼ਿਲਾਫ਼ ਹਿੰਸਾ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਪੁਲੀਸ ਨੇ ਦੱਸਿਆ ਕਿ ਭੀੜ ਨੂੰ ਖਿੰਡਾਉਣ ਲਈ ਹਵਾ ਵਿਚ ਗੋਲੀਆਂ ਚਲਾਈਆਂ ਗਈਆਂ। ਅਣਪਛਾਤਿਆਂ ਨੇ ਕਈ ਘਰਾਂ ’ਚ ਤੋੜ-ਭੰਨ੍ ਕੀਤੀ ਤੇ ਇਕ ਨੂੰ ਅੱਗ ਲਾ ਦਿੱਤੀ। ਪੁਲੀਸ ਨੇ ਦੱਸਿਆ ਕਿ ਹਿੰਸਕ ਘਟਨਾਵਾਂ ਨਰੇਲ ਜ਼ਿਲ੍ਹੇ ਦੇ ਪਿੰਡ ਸਾਹਾਪਾਰਾ ਵਿਚ ਸ਼ੁੱਕਰਵਾਰ ਸ਼ਾਮ ਨੂੰ ਵਾਪਰੀਆਂ ਹਨ। ਹਮਲਾਵਰਾਂ ਨੇ ਪਿੰਡ ਦੇ ਇਕ ਮੰਦਰ ਉਤੇ ਸ਼ਾਮ ਕਰੀਬ 7.30 ਵਜੇ ਇੱਟਾਂ ਵੀ ਮਾਰੀਆਂ। ਉਨ੍ਹਾਂ ਮੰਦਰ ਦੇ ਅੰਦਰ ਪਿਆ ਫਰਨੀਚਰ ਤੋੜ ਦਿੱਤਾ। ਸਥਾਨਕ ਪੁਲੀਸ ਥਾਣੇ ਦੇ ਇੰਸਪੈਕਟਰ ਨੇ ਇਕ ਆਨਲਾਈਨ ਅਖ਼ਬਾਰ ਨੂੰ ਦੱਸਿਆ ਕਿ ਇਕ ਨੌਜਵਾਨ ਨੇ ਫੇਸਬੁੱਕ ਉਤੇ ਕੁਝ ਅਪਮਾਨਜਨਕ ਲਿਖਿਆ ਸੀ। ਇਸ ਨਾਲ ਮੁਸਲਮਾਨ ਭੜਕ ਗਏ। ਪੁਲੀਸ ਨੂੰ ਨੌਜਵਾਨ ਨਹੀਂ ਲੱਭਿਆ ਤੇ ਉਹ ਉਸ ਦੇ ਪਿਤਾ ਨੂੰ ਥਾਣੇ ਲੈ ਗਏ ਹਨ। ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਤਣਾਅ ਵਧ ਗਿਆ ਤੇ ਮੁਸਲਮਾਨਾਂ ਦੇ ਇਕ ਸਮੂਹ ਨੇ ਪੋਸਟ ਪਾਉਣ ਵਾਲੇ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਪਰ ਮਗਰੋਂ ਉਨ੍ਹਾਂ ਘਰਾਂ ਉਤੇ ਹਮਲਾ ਕਰ ਦਿੱਤਾ। ਵੇਰਵਿਆਂ ਮੁਤਾਬਕ ਸਹਿਮੇ ਹੋਏ ਜ਼ਿਆਦਾਤਰ ਲੋਕ ਪਿੰਡ ਛੱਡ ਕੇ ਚਲੇ ਗਏ ਹਨ। -ਪੀਟੀਆਈ