ਬਰਲਿਨ, 22 ਦਸੰਬਰ
ਜਰਮਨ ਫਾਰਮਾਸਿਊਟੀਕਲ ਕੰਪਨੀ ਬਾਇਓਐੱਨਟੈੱਕ ਨੇ ਅੱਜ ਦਾਅਵਾ ਕੀਤਾ ਕਿ ਉਸ ਵੱਲੋਂ ਤਿਆਰ ਕੀਤੀ ਕਰੋਨਾਵਾਇਰਸ ਵੈਕਸੀਨ ਯੂਕੇ ਵਿੱਚ ਮਿਲੇ ਵਾਇਰਸ ਦੇ ਨਵੇਂ ਰੂਪ ’ਤੇ ਕੰਮ ਕਰੇਗੀ। ਕੰਪਨੀ ਦੇ ਸੀਈਓ ਉਗੁਰ ਸਾਹਿਨ ਨੇ ਹਾਲਾਂਕਿ ਨਾਲ ਹੀ ਸਾਫ਼ ਕਰ ਦਿੱਤਾ ਕਿ ਇਸ ਦਾਅਵੇ ਬਾਰੇ ਪੂਰੀ ਤਰ੍ਹਾਂ ਯਕੀਨੀ ਹੋਣ ਲਈ ਅਜੇ ਵਧੇਰੇ ਅਧਿਐਨ ਦੀ ਲੋੜ ਹੈ। ਵਾਇਰਸ ਦੇ ਇਸ ਨਵੇਂ ਰੂਪ, ਜੋ ਹਾਲੀਆ ਕੁਝ ਹਫ਼ਤਿਆਂ ਵਿੱਚ ਮੁੱਖ ਤੌਰ ’ਤੇ ਲੰਡਨ ਤੇ ਦੱਖਣ-ਪੂਰਬੀ ਇੰਗਲੈਂਡ ’ਚ ਸਾਹਮਣੇ ਆਇਆ ਹੈ, ਨੇ ਆਲਮੀ ਪੱਧਰ ’ਤੇ ਫ਼ਿਕਰਮੰਦੀ ਵਧਾ ਦਿੱਤੀ ਹੈ। ਕਰੋਨਾਵਾਇਰਸ ਦਾ ਇਹ ਨਵਾਂ ਰੂਪ ਵੱਧ ਤੇਜ਼ੀ ਨਾਲ ਫੈਲਦਾ ਹੈ। ਬਾਇਓਐੱਨਟੈੱਕ ਵੱਲੋਂ ਤਿਆਰ ਕਰੋਨਾ ਵੈਕਸੀਨ ਨੂੰ ਯੂਰੋਪੀ ਯੂਨੀਅਨ ਦੀ ਹਰੀ ਝੰਡੀ ਤੋਂ ਇਕ ਦਿਨ ਮਗਰੋਂ ਸਾਹਿਨ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ, ‘ਹਾਲ ਦੀ ਘੜੀ ਸਾਨੂੰ ਨਹੀਂ ਪਤਾ ਕਿ ਸਾਡੀ ਵੈਕਸੀਨ ਵਾਇਰਸ ਦੇ ਇਸ ਨਵੇਂ ਰੂਪ ਖ਼ਿਲਾਫ਼ ਸੁਰੱਖਿਆ ਦੇਵੇਗੀ ਜਾਂ ਨਹੀਂ। ਪਰ ਵਿਗਿਆਨਕ ਤੌਰ ’ਤੇ, ਇਸ ਗੱਲ ਦੀ ਵੱਡੀ ਸੰਭਾਵਨਾ ਹੈ ਕਿ ਵੈਕਸੀਨ ਕਰਕੇ ਰੋਗਾਂ ਨਾਲ ਲੜਨ ਦੀ ਬਣੀ ਸ਼ਕਤੀ ਇਸ ਨਵੇਂ ਵਾਇਰਸ ਦੇ ਟਾਕਰੇ ਲਈ ਵੀ ਕਾਰਗਰ ਸਾਬਤ ਹੋਵੇ।’ ਉਨ੍ਹਾਂ ਕਿਹਾ ਕਿ ਯੂਕੇ ’ਚ ਕਰੋਨਾ ਦੇ ਨਵੇਂ ਤੇ ਪੁਰਾਣੇ ਰੂਪ ’ਚ ਲਗਪਗ 99 ਫੀਸਦ ਇਕੋ ਜਿਹੇ ਪ੍ਰੋਟੀਨ ਹਨ, ਲਿਹਾਜ਼ਾ ਬਾਇਓਐੱਨਟੈੱਕ ਨੂੰ ‘ਵਿਗਿਆਨਕ ਭਰੋਸਾ’ ਹੈ ਕਿ ਉਨ੍ਹਾਂ ਦੀ ਵੈਕਸੀਨ ਅਸਰਦਾਰ ਸਾਬਤ ਹੋਵੇਗੀ। ਸਾਹਿਨ ਨੇ ਕਿਹਾ, ‘ਪਰ ਸਾਨੂੰ ਜਾਂਚ ਪਰਖ ਤੋਂ ਬਾਅਦ ਦੀ ਇਸ ਦਾ ਪਤਾ ਲੱਗੇਗਾ ਤੇ ਸਾਨੂੰ ਅੰਕੜੇ ਹਾਸਲ ਕਰਨ ਲਈ ਦੋ ਹਫ਼ਤਿਆਂ ਦਾ ਸਮਾਂ ਲੱਗੇਗਾ।’ -ਪੀਟੀਆਈ