ਵਾਸ਼ਿੰਗਟਨ, 26 ਅਕਤੂਬਰ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਸ ਨੇ ਯੂਕਰੇਨ ਵਿੱਚ ਪਰਮਾਣੂ ਹਥਿਆਰਾਂ ਦੀ ਵਰਤੋਂ ਕੀਤੀ ਤਾਂ ਇਹ ਉਸ ਦੀ ‘ਬਹੁਤ ਵੱਡੀ ਗਲਤੀ’ ਹੋਵੇਗੀ ਅਤੇ ਉਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਅਮਰੀਕੀ ਪ੍ਰਸ਼ਾਸਨ ਨੇ ਪਹਿਲਾਂ ਕਿਹਾ ਸੀ ਕਿ ਰੂਸ ਨੇ ਨੋਟਿਸ ਦਿੱਤਾ ਹੈ ਕਿ ਉਸ ਦਾ ਨਿਯਮਤ ਤੌਰ ’ਤੇ ਆਪਣੀ ਪਰਮਾਣੂ ਸਮਰੱਥਾ ਦਾ ਅਭਿਆਸ ਕਰਨ ਦਾ ਇਰਾਦਾ ਹੈ। ਉਧਰ ਯੂਕਰੇਨ ਦੀ ਪਰਮਾਣੂ ਊਰਜਾ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਗੁਆਂਢੀ ਦੇਸ਼ ਵੱਲੋਂ ਯੂਰੋਪ ਦੇ ਸਭ ਤੋਂ ਵੱਡੋ ਪਰਮਾਣੂ ਪਾਵਰ ਪਲਾਂਟ ਵਿੱਚ ਗੁਪਤ ਰੂਪ ਵਿੱਚ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ।
ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਇਡਨ ਨੇ ਕਿਹਾ, ‘‘ਜੇ ਰੂਸ ਪਰਮਾਣੂ ਹਥਿਆਰ ਦੀ ਵਰਤੋਂ ਕਰਦਾ ਹੈ ਤਾਂ ਇਹ ਉਸ ਦੀ ਬਹੁਤ ਵੱਡੀ ਗਲਤੀ ਹੋਵੇਗੀ।’’ ਉਹ ਰੂਸ ਦੀ ‘ਡਰਟੀ ਬੰਬ’ ਜਾਂ ‘ਪਰਮਾਣੂ ਹਥਿਆਰ’ ਦੀ ਤਿਆਰੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਇਹ ਗਾਰੰਟੀ ਨਹੀਂ ਦਿੰਦਾ ਕਿ ਇਹ ਅਸਲੀਅਤ ਲੁਕਾਉਣ ਲਈ ਚਲਾਈ ਗਈ ਮੁਹਿੰਮ ਹੈ ਜਾਂ ਨਹੀਂ ਪਰ ਇਹ ਬਹੁਤ ਗੰਭੀਰ ਗਲਤੀ ਹੋਵੇਗੀ।’’
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਿਨ ਜੀਨ-ਪੀਅਰੇ ਨੇ ਕਿਹਾ, ‘‘ਰਾਸ਼ਟਰਪਤੀ ਨੇ ਆਪਣੀ ਗੱਲ ਸਪੱਸ਼ਟ ਰੂਪ ਵਿੱਚ ਕਹੀ ਹੈ। ਉਨ੍ਹਾਂ ਅੱਜ ਇਹ ਗੱਲ ਦੁਹਰਾਈ ਹੈ। ਯੂਕਰੇਨ ਵਿੱਚ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨਾ ਰੂਸ ਦੀ ਸਭ ਤੋਂ ਵੱਡੀ ਗਲਤੀ ਹੋਵੇਗੀ ਅਤੇ ਉਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਜਿੱਥੋਂ ਤੱਕ ‘ਡਰਟੀ ਬੰਬ’ ਦੀ ਸੰਭਾਵੀ ਵਰਤੋਂ ਦੀ ਗੱਲ ਹੈ ਤਾਂ ਦੇਖੋ, ਰੂਸ ਸਪੱਸ਼ਟ ਤੌਰ ’ਤੇ ਝੂਠੇ ਦੋਸ਼ ਲਾ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਸਾਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਅਸੀਂ ਪਿਛਲੇ ਸਮੇਂ ਵਿੱਚ ਵੀ ਰੂਸ ਨੂੰ ਦੋਸ਼ ਲਾਉਣ ਦੀ ਆੜ ਵਿੱਚ ਭੜਕਾਊ ਕਾਰਵਾਈ ਕਰਦਿਆਂ ਦੇਖਿਆ ਹੈ।’’ ਉਨ੍ਹਾਂ ਕਿਹਾ ਕਿ ਅਮਰੀਕਾ ਨੇ ਰੂਸ ਨੂੰ ਇਸ ਦਿਸ਼ਾ ਵਿੱਚ ਕੋਈ ਤਿਆਰੀ ਕਰਦੇ ਨਹੀਂ ਦੇਖਿਆ ਹੈ ਪਰ ਉਹ ਸਥਿਤੀ ’ਤੇ ਨੇੜਿਓਂ ਨਜ਼ਰ ਰੱਖਣਗੇ। -ਪੀਟੀਆਈ