ਮੁੱਖ ਅੰਸ਼
- ਹਵਾਈ ਅੱਡੇ ’ਤੇ ਬੇਸਬਰੀ ਨਾਲ ਕੀਤੀ ‘ਆਪਣਿਆਂ ਨੇ ਆਪਣਿਆਂ’ ਦੀ ਉਡੀਕ
- ਕਰੀਬ ਦੋ ਸਾਲਾਂ ਬਾਅਦ ਲੋਕਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਦੇਖੇ ਮੂੰਹ
ਨੇਵਾਰਕ (ਅਮਰੀਕਾ), 9 ਨਵੰਬਰ
ਅਮਰੀਕਾ ਵੱਲੋਂ ਕਰੋਨਾ ਪਾਬੰਦੀਆਂ ਹਟਾ ਕੇ ਕੌਮਾਂਤਰੀ ਯਾਤਰੀਆਂ ਲਈ ਹੱਦਾਂ ਖੋਲ੍ਹਣ ਮਗਰੋਂ ਅੱਜ ਇੱਥੇ ਨੇਵਾਰਕ ਹਵਾਈ ਅੱਡੇ ’ਤੇ ਆਪਣੇ ਪਿਆਰਿਆਂ ਨੂੰ ਦੁਬਾਰਾ ਮਿਲਣ ਮੌਕੇ ਲੋਕ ਬੇਹੱਦ ਭਾਵੁਕ ਹੋਏ ਦਿਖਾਈ ਦਿੱਤੇ। ਸੋਮਵਾਰ ਨੂੰ ਯਾਤਰਾ ਪਾਬੰਦੀਆਂ ਹਟਾਏ ਜਾਣ ਮਗਰੋਂ ਪਹਿਲੀ ਉਡਾਣ ਰਾਹੀਂ ਅਮਰੀਕਾ ਪਹੁੰਚੇ ਅਤੇ ਹਵਾਈ ਅੱਡੇ ਦੇ ਗੇਟ ਤੋਂ ਬਾਹਰ ਨਿਕਲਦੇ ਲੋਕਾਂ ਦਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਵੁਕ ਹੋ ਕੇ ਸਵਾਗਤ ਕੀਤਾ। ਉਨ੍ਹਾਂ ਮਾਪਿਆਂ ਦੀਆਂ ਅੱਖਾਂ ਵਿੱਚੋਂ ਅੱਥਰੂ ਵਗ ਪਏ ਜਿਹੜੇ ਦੋ-ਦੋ ਸਾਲਾਂ ਤੋਂ ਆਪਣੇ ਬੱਚਿਆਂ ਨੂੰ ਨਹੀਂ ਮਿਲੇ ਸਨ। ਆਪਣੇ ਪੋਤਰੇ ਪੋਤਰੀਆਂ ਨੂੰ ਕਲਾਵੇ ਵਿੱਚ ਲੈਣ ਲਈ ਉਤਸੁਕ ਦਾਦੇ-ਦਾਦੀਆਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਜ਼ਿਕਰਯੋਗ ਹੈ ਕਿ ਕਰੋਨਵਾਇਰਸ ਮਹਾਮਾਰੀ ਕਾਰਨ ਅਮਰੀਕਾ ਨੇ ਪਿਛਲੇ ਸਾਲ ਭਾਰਤ ਸਣੇ ਕਈ ਦੇਸ਼ਾਂ ਤੋਂ ਕੌਮਾਂਤਰੀ ਯਾਤਰੀਆਂ ’ਤੇ ਪਾਬੰਦੀ ਲਾ ਦਿੱਤੀ ਸੀ। ਬਾਅਦ ਵਿੱਚ ਸਿਰਫ ਖਾਸ ਕੈਟਾਗਰੀ ਵੀਜ਼ਾ ਵਾਲੇ ਯਾਤਰੀਆਂ ਨੂੰ ਆਗਿਆ ਦਿੱਤੀ ਗਈ ਸੀ। ਹੁਣ ਅਮਰੀਕਾ ਨੇ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਯਾਤਰੀਆਂ ਨੂੰ 8 ਨਵੰਬਰ ਤੋਂ ਐਂਟਰੀ ਦੀ ਆਗਿਆ ਦੇ ਦਿੱਤੀ ਹੈ। ਆਪਣੀ ਪਤਨੀ ਨਾਲ ਪਹੁੰਚੇ ਵਿਪੁਲ ਸ਼ਾਹ ਨੇ ਕਿਹਾ, ‘‘ਮੈਂ ਪਹਿਲੇ ਦਿਨ ਪਹਿਲੀ ਉਡਾਣ ਬੁੱਕ ਕਰਵਾਈ।’’ ਸ਼ਾਹ ਦੀਆਂ ਦੋਵੇਂ ਬੇਟੀਆਂ ਆਪਣੇ ਮਾਤਾ-ਪਿਤਾ ਦੀ ਉਡੀਕ ਕਰ ਰਹੀਆਂ ਸਨ ਅਤੇ ਜਿਉਂ ਹੀ ਉਹ ਹਵਾਈ ਅੱਡੇ ਤੋਂ ਬਾਹਰ ਨਿਕਲੇ ਤਾਂ ਉਹ ਦੌੜ ਕੇ ਉਨ੍ਹਾਂ ਮਿਲੀਆਂ। ਬੇਟੀਆਂ ਨੂੰ ਦੇਖ ਕੇ ਸ਼ਾਹ ਦੀਆਂ ਅੱਖਾਂ ਨਮ ਹੋ ਗਈਆਂ। ਪਰਿਵਾਰਕ ਮੈਂਬਰਾਂ ਨੇ ਇੱਕ ਦੂਜੇ ਨੂੰ ਮਿਲਦਿਆਂ ਕਿਹਾ, ‘ਅਸੀਂ ਇਸ ਦਿਨ ਦੀ ਬਹੁਤ ਉਡੀਕ ਕੀਤੀ।’’
ਰੂਪਲ ਪਟੇਲ, ਜੋ ਦਿੱਲੀ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਆਉਣ ਵਾਲੇ ਆਪਣੇ ਪਿਤਾ ਦੀ ਉਡੀਕ ਕਰ ਰਹੀ ਸੀ, ਨੇ ਕਿਹਾ, ‘‘ਮੈਂ ਆਪਣੇ ਪਿਤਾ ਨੂੰ ਉਡੀਕ ਰਹੀ ਹਾਂ। ਉਹ 86 ਸਾਲਾਂ ਦੇ ਹਨ ਅਤੇ ਮੈਂ ਉਨ੍ਹਾਂ ਨੂੰ ਦੋ ਸਾਲ ਤੋਂ ਵੀ ਵੱਧ ਸਮੇਂ ਤੋਂ ਦੇਖਿਆ ਨਹੀਂ ਹੈ। ਉਹ ਗੁਜਰਾਤ ਵਿੱਚ ਇਕੱਲੇ ਰਹਿੰਦੇ ਹਨ।’’ ਰੂਪਲ ਨੇ ਕਿਹਾ ਕਿ ਉਹ ਅਤੇ ਉਸ ਦੇ ਭੈਣ ਭਰਾ ਭਾਰਤ ਤੋਂ ਬਾਹਰ ਰਹਿੰਦੇ ਹਨ ਅਤੇ ਕਰੋਨਾ ਪਾਬੰਦੀਆਂ ਕਾਰਨ ਭਾਰਤ ਨਹੀਂ ਪਹੁੰਚ ਸਕੇ। ਆਪਣੀ ਦੋਸਤ ਨੂੰ ਉਡੀਕ ਰਹੇ ਨਿਰਮਿਤ ਸ਼ੈਲਾਜ ਨੇ ਕਿਹਾ ਕਿ ਉਸ ਦੀ ਦੋਸਤ ਜੌਲੀ ਦਵੇ ਹਮੇਸ਼ਾ ਕਹਿੰਦੀ ਸੀ, ‘ਤਕਨੀਕ, ਹਕੀਕੀ ਮਨੁੱਖੀ ਸੰਪਰਕ ਦੀ ਥਾਂ ਕਦੇ ਨਹੀਂ ਲੈ ਸਕਦੀ।’’ ਸ਼ੈਲਾਜ ਨੇ ਕਿਹਾ, ‘ਮਹਾਮਾਰੀ ਨੇ ਸਾਨੂੰ ਸਿਖਾਇਆ ਹੈ ਕਿ ਮਹਾਮਾਰੀ ਅਤੇ ਦੂਰੀ ਸਾਡੀ ਆਤਮਾ ਨੂੰ ਸਾਡੇ ਤੋਂ ਵੱਖ ਨਹੀਂ ਕਰ ਸਕਦੀ।’’ -ਪੀਟੀਆਈ