ਵਾਸ਼ਿੰਗਟਨ/ ਯਾਰਡਲੇ (ਅਮਰੀਕਾ), 25 ਜੂਨ
ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਔਰਤਾਂ ਦੇ ਗਰਭਪਾਤ ਦੇ ਸੰਵਿਧਾਨਕ ਅਧਿਕਾਰ ਨੂੰ ਪਲਟਣ ਸਬੰਧੀ ਫ਼ੈਸਲੇ ਕਾਰਨ ਦੁਨੀਆਂ ਭਰ ਵਿੱਚ ਨਵੀਂ ਚਰਚਾ ਛਿੜ ਗਈ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਧਿਆਨ ’ਚ ਰੱਖਦਿਆਂ ਉਹ ਸੂਬਿਆਂ ਨੂੰ ਮੈਡੀਕਲ ਗਰਭਪਾਤ ਵਾਸਤੇ ਗੋਲੀ ਦੀ ਵਰਤੋਂ ’ਤੇ ਪਾਬੰਦੀ ਲਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰਨਗੇ। ਪ੍ਰਸ਼ਾਸਨ ਨੇ ਮੈਡੀਕਲ ਗਰਭਪਾਤ ਲਈ ਵੱਡੀ ਕਾਨੂੰਨੀ ਲੜਾਈ ਲੜਨ ਦੇ ਸੰਕੇਤ ਦਿੱਤੇ ਹਨ। ਦਰਜਨ ਤੋਂ ਵੱਧ ਸੂਬਿਆਂ ਵੱਲੋਂ ਗਰਭਪਾਤ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਯੋਜਨਾ ਹੈ। ਬਾਇਡਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗਰਭਪਾਤ ਅਧਿਕਾਰ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਇਸ ’ਤੇ ਪਾਬੰਦੀ ਲਾਉਣ ਦੀ ਕੋਸ਼ਿਸ਼ ‘ਗਲਤ’ ਹੋਵੇਗੀ। ਸੁਪਰੀਮ ਕੋਰਟ ਵੱਲੋਂ ਗਰਭਪਾਤ ਸਬੰਧੀ ਦਿੱਤੇ ਫ਼ੈਸਲੇ ਨਾਲ ਲੋਕਾਂ ’ਚ ਪੈਦਾ ਹੋਈ ਬੇਚੈਨੀ ਦਾ ਡੈਮੋਕ੍ਰੈਟਿਕ ਨੇਤਾਵਾਂ ਨੂੰ ਲਾਭ ਮਿਲ ਸਕਦਾ ਹੈ।
ਪੈਰਿਸ: ਫਰਾਂਸ ਦੇ ਦੋ ਸੰਸਦ ਮੈਂਬਰਾਂ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਦੀ ਪਾਰਟੀ ਨਾਲ ਸਬੰਧਤ ਸੰਸਦ ਮੈਂਬਰਾਂ ਦਾ ਇੱਕ ਗਰੁੱਪ ਗਰਭਪਾਤ ਦੇ ਅਧਿਕਾਰ ਨੂੰ ਦੇਸ਼ ਦੇ ਸੰਵਿਧਾਨ ਵਿੱਚ ਸ਼ਾਮਲ ਕਰਨ ਲਈ ਇੱਕ ਬਿੱਲ ਲਿਆਉਣ ਦਾ ਪ੍ਰਸਤਾਵ ਪੇਸ਼ ਕਰੇਗਾ। ਇਸ ਨਾਲ ਸਵੈ-ਇੱਛਾ ਨਾਲ ਗਰਭਪਾਤ ਕਰਵਾਉਣ ਦੇ ਅਧਿਕਾਰ ਤੋਂ ਵਾਂਝਿਆਂ ਕਰਨ ਨੂੰ ਅਸੰਭਵ ਬਣਾ ਦਿੱਤਾ ਜਾਵੇਗਾ। -ਏਜੰਸੀਆਂ
ਬਾਇਡਨ ਵੱਲੋਂ ‘ਬੰਦੂਕ ਹਿੰਸਾ ਰੋਕੂ ਬਿੱਲ’ ਉੱਤੇ ਦਸਤਖ਼ਤ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ‘ਬੰਦੂਕ ਹਿੰਸਾ ਰੋਕੂ ਬਿੱਲ’ ਉੱਤੇ ਦਸਤਖ਼ਤ ਕਰ ਦਿੱਤੇ ਹਨ। ਤੇਰਾਂ ਅਰਬ ਡਾਲਰ ਦੇ ਇਸ ਬਿੱਲ ਤਹਿਤ ਘੱਟ ਉਮਰ (18 ਤੋਂ 20 ਸਾਲ) ਦੇ ਬੰਦੂਕ ਖਰੀਦਦਾਰਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ ਅਤੇ ਸੂਬਿਆਂ ਨੂੰ ਖ਼ਤਰਨਾਕ ਸਮਝੇ ਜਾਣ ਵਾਲੇ ਲੋਕਾਂ ਤੋਂ ਹਥਿਆਰ ਵਾਪਸ ਲੈਣ ਦਾ ਅਧਿਕਾਰ ਮਿਲ ਜਾਵੇਗਾ। -ਪੀਟੀਆਈ