ਮੇਅਫੀਲਡ, 12 ਦਸੰਬਰ
ਅਮਰੀਕਾ ਵਿਚ ਆਏ ਜ਼ੋਰਦਾਰ ਤੂਫ਼ਾਨ ਮਗਰੋਂ ਰਾਹਤ ਕਰਮੀ ਲਾਪਤਾ ਲੋਕਾਂ ਦੀ ਭਾਲ ਵਿਚ ਲੱਗੇ ਹੋਏ ਹਨ। ਮਲਬਾ ਆਲੇ-ਦੁਆਲੇ ਖਿੱਲਰਿਆ ਹੋਇਆ ਹੈ ਤੇ ਲਾਪਤਾ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਤੂਫ਼ਾਨ ਨੇ ਪੂਰੇ ਮੱਧ ਅਮਰੀਕਾ ਵਿਚ ਕਾਫ਼ੀ ਤਬਾਹੀ ਮਚਾਈ ਹੈ। ਦਰਜਨਾਂ ਲੋਕ ਮਾਰੇ ਗਏ ਹਨ ਤੇ ਮਾਲੀ ਨੁਕਸਾਨ ਹੋਇਆ ਹੈ। ਕੈਂਟੱਕੀ ਦੇ ਗਵਰਨਰ ਐਂਡੀ ਬਿਸ਼ੀਅਰ ਨੇ ਕਿਹਾ ਕਿ ਮੇਅਫੀਲਡ ਵਿਚ ਇਕ ਮੋਮਬੱਤੀਆਂ ਬਣਾਉਣ ਵਾਲੀ ਫੈਕਟਰੀ ਤਬਾਹ ਹੋ ਗਈ ਜਿੱਥੇ ਸ਼ੁੱਕਰਵਾਰ ਰਾਤ 110 ਲੋਕ ਕੰਮ ਕਰ ਰਹੇ ਸਨ। ਇਨ੍ਹਾਂ ਵਿਚੋਂ ਚਾਲੀ ਨੂੰ ਬਚਾ ਲਿਆ ਗਿਆ ਸੀ। ਇਕੱਲੇ ਕੈਂਟਕੀ ਵਿਚ ਹੀ 22 ਜਣੇ ਮਾਰੇ ਗਏ ਹਨ। ਪਰ ਕੁਝ ਰਿਪੋਰਟਾਂ ਮੁਤਾਬਕ 70 ਲੋਕਾਂ ਦੇ ਮਰਨ ਦਾ ਖ਼ਦਸ਼ਾ ਹੈ। ਪੰਜ ਰਾਜਾਂ ਵਿਚ 36 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਛੇ ਜਣੇ ਇਲੀਨੌਇ ਵਿਚ ਮਾਰੇ ਗਏ ਹਨ ਜਿੱਥੇ ਐਮਾਜ਼ੋਨ ਦੀ ਇਕ ਇਕਾਈ ਤਬਾਹ ਹੋ ਗਈ। ਇਸ ਤੋਂ ਇਲਾਵਾ ਟੈਨੇਸੀ ਵਿਚ ਚਾਰ, ਅਰਕਾਂਸਸ ਵਿਚ ਦੋ ਤੇ ਮਿਸੂਰੀ ਵਿਚ ਵੀ ਦੋ ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ਦੇ ਇਤਿਹਾਸ ਵਿਚ ਇਸ ਨੂੰ ਸਭ ਤੋਂ ਖ਼ਤਰਨਾਕ ਤੂਫਾਨਾਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਮਾਰਚ 1925 ਵਿਚ ਸਭ ਤੋਂ ਲੰਮਾ ਚੱਲਣ ਵਾਲਾ ‘ਟੌਰਨੇਡੋ’ ਆਇਆ ਸੀ ਜੋ ਕਿ 335 ਕਿਲੋਮੀਟਰ ਦਾ ਪੈਂਡਾ ਤੈਅ ਕਰ ਗਿਆ ਸੀ। ਤੂਫ਼ਾਨ ਵਿਚ ਕਈ ਇਮਾਰਤਾਂ, ਦਰੱਖਤ ਤਬਾਹ ਹੋ ਗਏ ਹਨ। ਮਲਬਾ ਹਟਾਉਣ ਲਈ ਭਾਰੀ ਮਸ਼ੀਨਰੀ ਵਰਤੀ ਜਾ ਰਹੀ ਹੈ। -ਏਪੀ