ਵਾਸ਼ਿੰਗਟਨ, 5 ਅਗਸਤ
ਇਕ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਅਮਰੀਕਾ ਭਾਰਤ ਨੂੰ ਹਥਿਆਰਾਂ ਦੀ ਵਿਕਰੀ ਵਧਾਉਣ ਲਈ ਪੱਬਾਂ ਭਾਰ ਹੈ। ਇਨ੍ਹਾਂ ਵਿੱਚ ਹਥਿਆਰਬੰਦ ਡਰੋਨਾਂ ਦੀ ਵਿਕਰੀ ਵੀ ਸ਼ਾਮਲ ਹੈ, ਜੋ 1000 ਪਾਊਂਡ ਵਜ਼ਨੀ ਬੰਬ ਤੇ ਮਿਜ਼ਾਈਲਾਂ ਲਿਜਾਣ ਦੇ ਸਮਰੱਥ ਹਨ। ਰਿਪੋਰਟ ਮੁਤਾਬਕ ਅਮਰੀਕਾ ਨੂੰ ਇਹ ਨਵਾਂ ਵਿਚਾਰ ਜੂਨ ਮਹੀਨੇ ਲੱਦਾਖ ਵਿੱਚ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਹੋਏ ਹਿੰਸਕ ਟਕਰਾਅ ਮਗਰੋਂ ਆਇਆ ਹੈ। ਪੂਰਬੀ ਲੱਦਾਖ ਦੀ ਗਲਵਾਨ ਵਾਦੀ ਵਿੱਚ ਹੋਏ ਇਸ ਟਕਰਾਅ ਦੌਰਾਨ 20 ਭਾਰਤੀ ਹਥਿਆਰਬੰਦ ਫੌਜੀਆਂ ਦੀ ਜਾਨ ਜਾਂਦੀ ਰਹੀ ਸੀ। ਅਮਰੀਕੀ ਇੰਟੈਲੀਜੈਂਸ ਰਿਪੋਰਟ ਮੁਤਾਬਕ ਚੀਨ ਵਾਲੇ ਪਾਸੇ 35 ਫੌਜੀ ਜਵਾਨ ਮਾਰੇ ਗਏ ਸੀ।
ਵਿਦੇਸ਼ ਨੀਤੀ ਨਾਲ ਸਬੰਧਤ ਰਸਾਲੇ ਨੇ ਅਮਰੀਕੀ ਅਧਿਕਾਰੀਆਂ ਤੇ ਸਦਨ ਦੇ ਮੈਂਬਰਾਂ ਨਾਲ ਕੀਤੀ ਇੰਟਰਵਿਊ ਦੇ ਅਧਾਰ ’ਤੇ ਤਿਆਰ ਰਿਪੋਰਟ ’ਚ ਕਿਹਾ, ‘ਟਰੰਪ ਪ੍ਰਸ਼ਾਸਨ, ਭਾਰਤ ਦੇ ਆਪਣੇ ਗੁਆਂਢੀ ਮੁਲਕ ਚੀਨ ਨਾਲ ਹੋਏ ਸਰਹੱਦੀ ਟਕਰਾਅ ਦੇ ਮੱਦੇਨਜ਼ਰ, ਭਾਰਤ ਨੂੰ ਹਥਿਆਰਾਂ ਦੀ ਵਿਕਰੀ ਵਧਾਉਣ ਲਈ ਪੱਬਾਂ ਭਾਰ ਹੈ।’ ਰਿਪੋਰਟ ਮੁਤਾਬਕ ਅਮਰੀਕਾ ਦੀ ਇਸ ਪੇਸ਼ਕਦਮੀ ਨਾਲ ਅਮਰੀਕਾ ਤੇ ਚੀਨ ਵਿੱਚ ਪਹਿਲਾਂ ਤੋਂ ਜਾਰੀ ਤਲਖ਼ੀ ਦਰਮਿਆਨ ਇਕ ਹੋਰ ਨਵਾਂ ਮੋਰਚਾ ਖੁੱਲ੍ਹ ਜਾਵੇਗਾ।
ਰਸਾਲੇ ਨੇ ਅਧਿਕਾਰੀਆ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਨੇ ਹਾਲੀਆ ਮਹੀਨਿਆਂ ਵਿੱਚ ਭਾਰਤ ਨੂੰ ਨਵੇਂ ਹਥਿਆਰਾਂ ਦੀ ਵਿਕਰੀ ਲਈ ਜ਼ਮੀਨੀ ਪੱਧਰ ’ਤੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਰਾਸ਼ਟਰਪਤੀ ਟਰੰਪ ਭਾਰਤ ਜਿਹੇ ਵਿਦੇਸ਼ੀ ਭਾਈਵਾਲਾਂ ਨੂੰ ਫੌਜੀ ਗਰੇਡ ਵਾਲੇ ਡਰੋਨਾਂ ਦੀ ਵਿਕਰੀ ਦਾ ਰਾਹ ਪੱਧਰਾ ਕਰਨ ਲਈ ਅਧਿਕਾਰਤ ਤੌਰ ’ਤੇ ਨੇਮਾਂ ’ਚ ਸੋਧ ਕਰ ਚੁੱਕੇ ਹਨ। ਭਾਰਤ ਨੂੰ ਨਾਟੋ ਭਾਈਵਾਲਾਂ ’ਚ ਸ਼ਾਮਲ ਕਰਨ ਲਈ ਕੀਤੀ ਵਿਧਾਨਕ ਪੇਸ਼ਕਦਮੀ ਵੀ ਇਸੇ ਰਣਨੀਤੀ ਦਾ ਹਿੱਸਾ ਹੈ। -ਪੀਟੀਆਈ