ਵਾਸ਼ਿੰਗਟਨ, 22 ਅਕਤੂਬਰ
ਅਮਰੀਕੀ ਅਧਿਕਾਰੀਆਂ ਨੇ ਇਰਾਨ ’ਤੇ ਡੈਮੋਕ੍ਰੇਟਿਕ ਵੋਟਰਾਂ ਨੂੰ ਕਈ ਸੂਬਿਆਂ ਵਿੱਚ ਭੜਕਾਊ ਈਮੇਲਾਂ ਭੇਜਣ ਦੇ ਦੋਸ਼ ਲਾਏ ਹਨ, ਜਿਨ੍ਹਾਂ ਦਾ ਮਕਸਦ ਵੋਟਰਾਂ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੱਕ ਵਿੱਚ ਵੋਟ ਪਾਊਣ ਲਈ ਡਰਾਊਣਾ ਜਾਪਦਾ ਹੈ। ਅਧਿਕਾਰੀਆਂ ਨੇ ਇਰਾਨ ਵੱਲ ਉਂਗਲ ਚੁੱਕਣ ਸਬੰਧੀ ਕੋਈ ਸਪੱਸ਼ਟ ਸਬੂਤ ਨਹੀਂ ਦਿੱਤੇ ਹਨ।
ਅਮਰੀਕੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਾਹਲੀ ਵਿੱਚ ਸੱਦੀ ਪ੍ਰੈੱਸ ਕਾਨਫਰੰਸ ਵਿੱਚ ਇਹ ਦੋਸ਼ ਲਾਏ। ਅਮਰੀਕਾ ਸਰਕਾਰ ਦੇ ਸਿਖਰਲੇ ਖ਼ੁਫ਼ੀਆ ਅਧਿਕਾਰੀ ਜੌਹਨ ਰਾਟਕਲਿਫ ਨੇ ਕਿਹਾ, ‘‘ਇਹ ਕਾਰਵਾਈਆਂ ਹਤਾਸ਼ ਦੁਸ਼ਮਣਾਂ ਵਲੋਂ ਕੀਤੀਆਂ ਹਤਾਸ਼ ਕੋਸ਼ਿਸ਼ਾਂ ਹਨ।’’ ਐੱਫਬੀਆਈ ਦੇ ਨਿਰਦੇਸ਼ਕ ਕ੍ਰਿਸ ਵ੍ਰੇਅ ਨਾਲ ਕੀਤੀ ਪ੍ਰੈੱਸ ਕਾਨਫੰਰਸ ਮੌਕੇ ਊਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਦੀਆਂ 2020 ਦੀਆਂ ਚੋਣਾਂ ਵਿੱਚ ਦਖ਼ਲਅੰਦਾਜ਼ੀ ਕਰਨ ਵਾਲੇ ਕਿਸੇ ਵੀ ਵਿਦੇਸ਼ੀ ਮੁਲਕ ਊੱਪਰ ਅਮਰੀਕਾ ਵਲੋਂ ਜੁਰਮਾਨੇ ਲਾਏ ਜਾਣਗੇ। ਊਨ੍ਹਾਂ ਕਿਹਾ ਕਿ ਚੋਣਾਂ ਦੀ ਨਿਰਪੱਖਤਾ ਅਜੇ ਬਰਕਰਾਰ ਹੈ। ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਰੂਸ ਅਤੇ ਇਰਾਨ ਨੇ ਵੋਟਰਾਂ ਦੀ ਰਜਿਸਟ੍ਰੇਸ਼ਨ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਰਾਨ ਨੇ ਇਸ ਜਾਣਕਾਰੀ ਨੂੰ ਭੜਕਾਊ ਈਮੇਲਾਂ ਲਈ ਵਰਤਿਆ। ਵ੍ਰੇਅ ਅਤੇ ਰਾਟਕਲਿੱਫ ਨੇ ਇਰਾਨ ਨਾਲ ਸਬੰਧਤ ਈਮੇਲਾਂ ਬਾਰੇ ਵੇਰਵੇ ਨਹੀਂ ਦਿੱਤੇ ਪ੍ਰੰਤੂ ਇਸ ਮਾਮਲੇ ਤੋਂ ਜਾਣੂ ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਦੇ ਘੱਟੋ-ਘੱਟੋ ਚਾਰ ਸੂਬਿਆਂ ਵਿੱਚ ਡੈਮੋਕ੍ਰੇਟਿਕ ਵੋਟਰਾਂ ਨੂੰ ਤਹਿਰਾਨ ਵਲੋਂ ਸੁਨੇਹੇ ਭੇਜੇ ਗਏ ਹਨ। -ਏਪੀ