ਕੋਲੰਬੋ, 26 ਜੂਨ
ਮੁਲਕ ਨੂੰ ਆਰਥਿਕ ਸੰਕਟ ’ਚੋਂ ਕੱਢਣ ਲਈ ਅਮਰੀਕਾ ਦਾ ਉੱਚ ਪੱਧਰੀ ਵਫ਼ਦ ਅੱਜ ਸ੍ਰੀਲੰਕਾ ਪਹੁੰਚਿਆ। ਵਫ਼ਦ ਵੱਲੋਂ ਮੁਲਕ ਦੇ ਸਿਖਰਲੇ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਆਰਥਿਕ ਸੰਕਟ ’ਚੋਂ ਕੱਢਣ ਦੇ ਢੁੱਕਵੇਂ ਰਾਹ ਵੀ ਦੱਸੇ ਜਾਣਗੇ। ਚਾਰ ਰੋਜ਼ਾ ਦੌਰੇ ’ਤੇ ਆਏ ਇਸ ਵਫ਼ਦ ’ਚ ਅਮਰੀਕੀ ਵਿੱਤ ਅਤੇ ਵਿਦੇਸ਼ ਵਿਭਾਗ ਦੇ ਨੁਮਾਇੰਦੇ ਸ਼ਾਮਲ ਹਨ। ਅਮਰੀਕੀ ਸਫ਼ਾਰਤਖਾਨੇ ਨੇ ਇਕ ਬਿਆਨ ’ਚ ਕਿਹਾ ਕਿ ਸ੍ਰੀਲੰਕਾ ਆਰਥਿਕ ਸੰਕਟ ਨੂੰ ਫੌਰੀ ਸੁਲਝਾਉਣਾ ਚਾਹੁੰਦਾ ਹੈ ਅਤੇ ਉਸ ਦੀ ਸਹਾਇਤਾ ਲਈ ਉੱਚ ਪੱਧਰੀ ਵਫ਼ਦ ਇਥੇ ਪਹੁੰਚਿਆ ਹੈ। ਸ੍ਰੀਲੰਕਾ ’ਚ ਅਮਰੀਕੀ ਸਫ਼ੀਰ ਜੂਲੀ ਚੁੰਗ ਨੇ ਕਿਹਾ ਕਿ ਸ੍ਰੀਲੰਕਾ ਦੇ ਲੋਕਾਂ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਅਮਰੀਕਾ ਵਚਨਬੱਧ ਹੈ। ਵਫ਼ਦ ’ਚ ਏਸ਼ੀਆ ਲਈ ਵਿੱਤ ਵਿਭਾਗ ਦੇ ਉਪ ਸਹਾਇਕ ਸਕੱਤਰ ਰੌਬਰਟ ਕਾਪਰੌਥ ਅਤੇ ਦੱਖਣੀ ਤੇ ਮੱਧ ਏਸ਼ੀਆ ਮਾਮਲਿਆਂ ਦੇ ਵਿਦੇਸ਼ ਉਪ ਸਹਾਇਕ ਸਕੱਤਰ ਸਫ਼ੀਰ ਕੈਲੀ ਕੀਡਰਲਿੰਗ ਸ਼ਾਮਲ ਹਨ। ਬੀਤੇ ਦੋ ਹਫ਼ਤਿਆਂ ’ਚ ਅਮਰੀਕਾ ਨੇ ਸ੍ਰੀਲੰਕਾ ਨੂੰ 12 ਕਰੋੜ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਅਮਰੀਕਾ ਨੇ ਕੌਮਾਂਤਰੀ ਮੁਦਰਾ ਫੰਡ ਤੋਂ ਵੀ ਸ੍ਰੀਲੰਕਾ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਹਾਮੀ ਭਰੀ ਹੈ। -ਪੀਟੀਆਈ