ਵਾਸ਼ਿੰਗਟਨ: ਅਮਰੀਕਾ ਦੇ ਹਾਊਸ ਆਫ ਰਿਪ੍ਰੀਜ਼ੈਂਟੇਟਿਵਜ਼ ਨੇ ਮੰਗਲਵਾਰ ਨੂੰ ਮਤਾ ਪਾਸ ਕਰਕੇ ਚੀਨ ਨੂੰ ਅਪੀਲ ਕੀਤੀ ਕਿ ਅਸਲ ਕੰਟਰੋਲ ਰੇਖਾ ’ਤੇ ਭਾਰਤ ਨਾਲ ਬਣੀ ਸਥਿਤੀ ਨਾਲ ਸ਼ਾਂਤੀਪੂੁਰਵਕ ਢੰਗ ਨਾਲ ਨਜਿੱਠਿਆ ਜਾਵੇ। ਇਹ ਮਤਾ ਸਦਨ ਵਲੋਂ ਇੱਕ ਦਿਨ ਪਹਿਲਾਂ ਕੌਮੀ ਰੱਖਿਆ ਅਧਿਕਾਰ ਐਕਟ (ਐੱਨਡੀਏਏ) ਵਿੱਚ ਸਰਬਸੰਮਤੀ ਨਾਲ ਸੋਧ ਕੀਤੇ ਜਾਣ ਮਗਰੋਂ ਪਾਸ ਕੀਤਾ ਗਿਆ ਹੈ, ਜਿਸ ਵਿੱਚ ਭਾਰਤ ਦੀ ਗਲਵਾਨ ਵਾਦੀ ਵਿੱਚ ਚੀਨ ਦੇ ਹਮਲਾਵਰ ਰੁਖ਼ ਅਤੇ ਦੱਖਣੀ ਚੀਨ ਸਾਗਰ ਜਿਹੇ ਵਿਵਾਦਿਤ ਖੇਤਰਾਂ ਦੁਆਲੇ ਵੱਧ ਰਹੀ ਹੱਦਾਂ ਦੀ ਦਾਅਵੇਦਾਰੀ ਸਬੰਧੀ ਚੀਨ ਦੀ ਨਿੰਦਾ ਕੀਤੀ ਗਈ ਸੀ। ਭਾਰਤੀ-ਅਮਰੀਕੀ ਆਗੂ ਰਾਜਾ ਕ੍ਰਿਸ਼ਨਾਮੂਰਤੀ ਵਲੋਂ ਅੱਠ ਹੋਰ ਆਗੂਆਂ ਸਣੇ ਲਿਆਂਦੇ ਇਸ ਮਤੇ ਨੂੰ ਸਦਨ ਵਲੋਂ ਵਿੱਤੀ ਵਰ੍ਹੇ 2021 ਲਈ ਪਾਸ ਕੀਤਾ ਗਿਆ। ਕ੍ਰਿਸ਼ਨਾਮੂਰਤੀ ਨੇ ਬਿਆਨ ਰਾਹੀਂ ਕਿਹਾ, ‘‘ਪਾਸ ਕੀਤੇ ਬਿੱਲ ਰਾਹੀਂ ਸਦਨ ਨੇ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਚੀਨ ਸਰਕਾਰ ਵਲੋਂ ਭਾਰਤ ਨਾਲ ਲੱਗਦੀ ਅਸਲ ਕੰਟਰੋਲ ਰੇਖਾ ’ਤੇ ਬਣੀ ਤਣਾਅਪੁੂਰਵਕ ਸਥਿਤੀ ਦਾ ਸ਼ਾਂਤੀਪੂਰਵਕ ਢੰਗ ਨਾਲ ਹੱਲ ਕੱਢਿਆ ਜਾਵੇ।’’ ਊਨ੍ਹਾਂ ਕਿਹਾ, ‘‘ਭਾਰਤ ਪ੍ਰਤੀ ਚੀਨ ਦੀ ਫੌਜੀ ਭੜਕਾਹਟ ਬਰਦਾਸ਼ਤਯੋਗ ਨਹੀਂ ਹੈ ਅਤੇ ਸਰਹੱਦੀ ਤਣਾਅ ਦੇ ਸ਼ਾਂਤੀਪੂੁਰਵਕ ਹੱਲ ਨਾਲ ਭਾਰਤ-ਪ੍ਰਸ਼ਾਂਤ ਖਿੱਤੇ ਵਿਚ ਸੁਰੱਖਿਆ ਬਹਾਲੀ ਹੋਵੇਗੀ।’’ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਇਸ ਵੋਟ ਰਾਹੀਂ ਅਮਰੀਕੀ ਸਦਨ ਨੇ ਚੀਨ ਦੇ ਫੌਜੀ ਹਮਲੇ ਖ਼ਿਲਾਫ਼ ਭਾਰਤ ਵਰਗੇ ਆਪਣੇ ਭਾਈਵਾਲਾਂ ਨਾਲ ਖੜ੍ਹਨ ਦਾ ਮੁੜ ਭਰੋਸਾ ਦਿੱਤਾ ਹੈ। -ਪੀਟੀਆਈ