ਵਾਸ਼ਿੰਗਟਨ, 4 ਜੁਲਾਈ
ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਆਪਣੇ ਸੇਵਾਮੁਕਤ ਰੱਖਿਆ ਬਲਾਂ ਨੂੰ ਸੰਭਾਲਣ ਲਈ ਬਿਲਕੁਲ ਉਸੇ ਤਰ੍ਹਾਂ ਵਚਨਬੱਧ ਹੈ ਜਿਵੇਂ ਉਨ੍ਹਾਂ ਦੇਸ਼ ਦੀ ਸੁਰੱਖਿਆ ਦਾ ਖ਼ਿਆਲ ਰੱਖਿਆ ਹੈ। ਭਾਰਤੀ ਰਾਜਦੂਤ ਨੇ ਐਤਵਾਰ ਅਮਰੀਕਾ ਵਿਚ ਰਹਿ ਰਹੇ ਸਾਬਕਾ ਫ਼ੌਜੀਆਂ ਦਾ ਸਨਮਾਨ ਕੀਤਾ। ਇਨ੍ਹਾਂ ਵਿਚ ਕਾਰਗਿਲ ਜੰਗ ਲੜਨ ਵਾਲੇ ਦੋ ਸੈਨਿਕ ਵੀ ਸ਼ਾਮਲ ਸਨ। ਭਾਰਤੀ ਫ਼ੌਜ ਦੇ ਸੇਵਾਮੁਕਤ ਸੈਨਿਕਾਂ ਦੇ ਸਨਮਾਨ ਵਿਚ ਇੱਥੇ ਦੂਤਾਵਾਸ ਨੇ ਇਕ ਸਮਾਗਮ ਰੱਖਿਆ ਸੀ। ‘ਵਰਿਸ਼ਠ ਯੋਧਾ’ ਨਾਂ ਦੇ ਇਸ ਸਮਾਗਮ ਵਿਚ ਸਾਬਕਾ ਸੈਨਿਕਾਂ ਵੱਲੋਂ ਦਿੱਤੀਆਂ ਸੇਵਾਵਾਂ ਲਈ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਰੋਹ ਵਿਚ 140 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਵੱਖ-ਵੱਖ ਜੰਗਾਂ ਲੜਨ ਵਾਲੇ ਤੇ ਵਿਲੱਖਣ ਸੇਵਾਵਾਂ ਦੇਣ ਵਾਲੇ ਸਾਬਕਾ ਸੈਨਿਕ ਸ਼ਾਮਲ ਸਨ। ਉਨ੍ਹਾਂ ਦੇ ਪਰਿਵਾਰ ਵੀ ਇਸ ਸਮਾਗਮ ਵਿਚ ਸ਼ਾਮਲ ਹੋਏ। ਇਹ ਸਮਾਗਮ ਅਮਰੀਕਾ ਦੇ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਰੱਖਿਆ ਗਿਆ। ਸੰਧੂ ਨੇ ਟਵੀਟ ਕੀਤਾ ਕਿ, ‘ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ ਤੇ ਇਸ ਮੌਕੇ ਉਹ ਅਮਰੀਕਾ ਵਿਚ ਰਹਿ ਰਹੇ ਆਪਣੇ ਸਾਬਕਾ ਸੈਨਿਕਾਂ ਨੂੰ ਸਨਮਾਨਿਤ ਕਰ ਕੇ ਖ਼ੁਸ਼ੀ ਮਹਿਸੂਸ ਕਰ ਰਹੇ ਹਨ।’ -ਪੀਟੀਆਈ