ਵਾਸ਼ਿੰਗਟਨ, 8 ਜੁਲਾਈ
ਅਮਰੀਕਾ ਨੇ ਤਿੱਬਤ ’ਚ ਵਿਦੇਸ਼ੀਆਂ ਦੀ ਪਹੁੰਚ ਰੋਕਣ ਲਈ ਚੀਨ ਦੇ ਸੀਨੀਅਰ ਅਧਿਕਾਰੀਆਂ ’ਤੇ ਨਵੀਆਂ ਵੀਜ਼ਾ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਉਨ੍ਹਾਂ ਤਿੱਬਤੀ ਲੋਕਾਂ ਦੀ ‘ਅਰਥ ਭਰਪੂਰ ਖੁਦਮੁਖਤਿਆਰੀ’ ਪ੍ਰਤੀ ਆਪਣੀ ਹਮਾਇਤ ਦੁਹਰਾਈ ਹੈ। ਅਮਰੀਕਾ ਦਾ ਇਹ ਕਦਮ ਵਾਸ਼ਿੰਗਟਨ ਅਤੇ ਪੇਈਚਿੰਗ ਵਿਚਕਾਰ ਪਹਿਲਾਂ ਤੋਂ ਤਣਾਅਪੂਰਨ ਚੱਲ ਰਹੇ ਸਬੰਧਾਂ ’ਚ ਕੁੜੱਤਣ ਵਧਾਉਣ ਦਾ ਇਕ ਹੋਰ ਕਾਰਨ ਬਣ ਸਕਦਾ ਹੈ। ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਉਹ ਤਿੱਬਤ ’ਚ ਅਮਰੀਕੀ ਲੋਕਾਂ ਦੇ ਦਾਖ਼ਲੇ ਸਬੰਧੀ ਕਾਨੂੰਨ ਤਹਿਤ ਚੀਨੀ ਕਮਿਊਨਿਸਟ ਪਾਰਟੀ ਦੇ ਕੁਝ ਅਫ਼ਸਰਾਂ ਖਿਲਾਫ਼ ਕਾਰਵਾਈ ਕਰ ਰਹੇ ਹਨ। ਪੌਂਪੀਓ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਚੀਨ ਅਮਰੀਕੀ ਸਫ਼ੀਰਾਂ, ਅਧਿਕਾਰੀਆਂ, ਪੱਤਰਕਾਰਾਂ ਅਤੇ ਸੈਰ ਸਪਾਟੇ ਲਈ ਆਉਣ ਵਾਲੇ ਲੋਕਾਂ ਨੂੰ ਜਾਣ-ਬੁੱਝ ਕੇ ਰੋਕਦਾ ਆ ਰਿਹਾ ਹੈ।