ਵਾਸ਼ਿੰਗਟਨ, 21 ਜੁਲਾਈ
ਅਮਰੀਕੀ ਪ੍ਰਤੀਨਿਧੀ ਸਭਾ ਨੇ ਕੌਮੀ ਸੁਰੱਖਿਆ ਅਥਾਰਿਟੀ ਕਾਨੂੰਨ (ਐੱਨਡਏਏ) ਵਿੱਚ ਸੋਧ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ, ਜਿਸ ਵਿੱਚ ਗਲਵਾਨ ਘਾਟੀ ਵਿੱਚ ਭਾਰਤ ਖ਼ਿਲਾਫ਼ ਚੀਨ ਦੇ ਹਮਲਾਵਰ ਰੁਖ਼ ਅਤੇ ਦੱਖਣੀ ਚੀਨ ਸਾਗਰ ਵਰਗੇ ਵਿਵਾਦਿਤ ਖੇਤਰ ਅਤੇ ਹੋਰ ਨਾਲ ਲਗਦੇ ਖੇਤਰਾਂ ਵਿੱਚ ਚੀਨ ਦੀ ਵਧਦੀ ਖੇਤਰੀ ਧੌਂਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਐਮੀ ਬੈਰਾ ਅਤੇ ਕਾਂਗਰਸ ਮੈਂਬਰ ਸਟੀਵ ਸ਼ੈਬੋਟ ਨੇ ਸਾਂਝੇ ਤੌਰ ’ਤੇ ਐੱਨਡੀਏਏ ਸੋਧ ਪੇਸ਼ ਕੀਤੀ, ਜੋ ਸੋਮਵਾਰ ਨੂੰ ਪਾਸ ਹੋ ਗਈ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਅਤੇ ਚੀਨ ਨੂੰ ਅਸਲ ਕੰਟਰੋਲ ਰੇਖਾ ’ਤੇ ਤਣਾਅ ਘਟਾਊਣ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। ਲੱਦਾਖ ਵਿੱਚ ਪੰਜ ਮਈ ਤੋਂ ਚੀਨ ਅਤੇ ਭਾਰਤੀ ਫੌਜੀਆਂ ਵਿਚਾਲੇ ਕਈ ਵਾਰ ਝੜਪ ਹੋ ਗਈ ਹੈ। ਇਹ ਤਣਾਅ ਏਨਾ ਵਧ ਗਿਆ ਸੀ ਕਿ ਪਿਛਲੇ ਮਹੀਨੇ ਗਲਵਾਨ ਘਾਟੀ ਵਿੱਚ 20 ਭਾਰਤੀ ਫ਼ੌਜੀ ਸ਼ਹੀਦ ਹੋ ਗਏ ਸਨ। ਪ੍ਰਤੀਨਿਧੀ ਸਭਾ ਨੇ ਕਈ ਹੋਰ ਸੋਧਾਂ ਸਮੇਤ ਇਸ ਸੋਧ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। -ਪੀਟੀਆਈ