ਵਾਸ਼ਿੰਗਟਨ, 5 ਸਤੰਬਰ
ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਦੀ ਰਿਪੋਰਟ ’ਚ ਖ਼ੁਲਾਸਾ ਹੋਇਆ ਹੈ ਕਿ ਅਮਰੀਕਾ ’ਚ ਨਫ਼ਰਤੀ ਅਪਰਾਧਾਂ ਦਾ ਗ੍ਰਾਫ ਪਿਛਲੇ 12 ਸਾਲਾਂ ਦੌਰਾਨ ਵਧ ਗਿਆ ਹੈ। ਇਸ ਦੌਰਾਨ ਸਿਆਹਫਾਮ ਅਤੇ ਏਸ਼ਿਆਈ ਅਮਰੀਕੀਆਂ ’ਤੇ ਜ਼ਿਆਦਾ ਹਮਲੇ ਹੋਏ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ 2020 ’ਚ ਨਫ਼ਰਤੀ ਅਪਰਾਧਾਂ ਦੀਆਂ 7,759 ਘਟਨਾਵਾਂ ਵਾਪਰੀਆਂ ਜੋ 2019 ਦੇ ਮੁਕਾਬਲੇ ’ਚ 6 ਫ਼ੀਸਦ ਜ਼ਿਆਦਾ ਹਨ। ਸਿਨਹੁਆ ਖ਼ਬਰ ਏਜੰਸੀ ਮੁਤਾਬਕ ਇਹ ਅੰਕੜਾ 2008 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਐੱਫਬੀਆਈ ਨੂੰ ਸੌਂਪੇ ਗਏ ਅੰਕੜਿਆਂ ਮੁਤਾਬਕ 2020 ’ਚ ਸਿਆਹਫਾਮਾਂ ਖ਼ਿਲਾਫ਼ ਹਮਲੇ 1930 ਤੋਂ ਵੱਧ ਕੇ 2755 ਹੋ ਗਏ ਜੋ 2019 ਦੇ ਮੁਕਾਬਲੇ ’ਚ 40 ਫ਼ੀਸਦ ਵੱਧ ਹਨ। ਇਸੇ ਦੌਰਾਨ ਏਸ਼ਿਆਈ ਮੂਲ ਦੇ ਵਿਅਕਤੀਆਂ ਖ਼ਿਲਾਫ਼ 274 ਹਮਲੇ ਹੋਏ ਜੋ 70 ਫ਼ੀਸਦ ਜ਼ਿਆਦਾ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਨਫ਼ਰਤੀ ਅਪਰਾਧ ਕਰਨ ਵਾਲੇ ਕੁੱਲ 6576 ਵਿਅਕਤੀਆਂ ’ਚੋਂ 55 ਫ਼ੀਸਦੀ ਗੋਰੇ ਅਤੇ 20 ਫ਼ੀਸਦੀ ਸਿਆਹਫਾਮ ਸਨ ਜਦਕਿ 16 ਫ਼ੀਸਦੀ ਦੀ ਪਛਾਣ ਨਹੀਂ ਹੋ ਸਕੀ। ਇਸੇ ਤਰ੍ਹਾਂ 6 ਫ਼ੀਸਦੀ ਵੱਖ ਵੱਖ ਨਸਲਾਂ ਅਤੇ ਇਕ ਫ਼ੀਸਦੀ ਏਸ਼ੀਅਨ ਹਮਲਾਵਰ ਸਨ। ਉਧਰ ਮੁਸਲਮਾਨ ਅਤੇ ਯਹੂਦੀ ਵਿਰੋਧੀ ਨਫ਼ਰਤੀ ਅਪਰਾਧਾਂ ’ਚ ਕ੍ਰਮਵਾਰ 42 ਅਤੇ 30 ਫ਼ੀਸਦ ਦੀ ਗਿਰਾਵਟ ਦਰਜ ਹੋਈ ਹੈ। ਅਮਰੀਕੀ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਬਿਆਨ ’ਚ ਕਿਹਾ ਕਿ ਐੱਫਬੀਆਈ ਦੀ ਰਿਪੋਰਟ ਚਿੰਤਾ ਕਰਨ ਵਾਲੀ ਹੈ ਅਤੇ ਇਸ ਦੇ ਫੌਰੀ ਹੱਲ ਕੱਢਣ ਦੀ ਲੋੜ ਹੈ। ਕਈ ਕਾਰਕੁਨਾਂ ਅਤੇ ਕਾਨੂੰਨਘਾੜਿਆਂ ਦਾ ਮੰਨਣਾ ਹੈ ਕਿ ਨਫ਼ਰਤੀ ਅਪਰਾਧਾਂ ਦੀ ਅਸਲ ਗਿਣਤੀ ਕਿਤੇ ਜ਼ਿਆਦਾ ਹੈ। -ਆਈਏਐਨਐਸ