ਸੰਯੁਕਤ ਰਾਸ਼ਟਰ, 1 ਮਾਰਚ
ਅਮਰੀਕਾ ਨੇ ਸੰਯੁਕਤ ਰਾਸ਼ਟਰ ਵਿਚ ਰੂਸੀ ਮਿਸ਼ਨ ਦੇ 12 ਮੈਂਬਰਾਂ ਨੂੰ ਜਾਸੂਸੀ ਵਿਚ ਸ਼ਾਮਲ ‘ਖੁਫ਼ੀਆ ਅਧਿਕਾਰੀ’ ਹੋਣ ਦੇ ਦੋਸ਼ ਹੇਠ ਸੋਮਵਾਰ ਨੂੰ ਕੱਢਣ ਦਾ ਐਲਾਨ ਕੀਤਾ। ਉੱਧਰ, ਰੂਸ ਨੇ ਹਮਲੇ ਨੂੰ ਵਿਰੋਧੀ ਕਾਰਵਾਈ ਕਰਾਰ ਦਿੱਤਾ ਅਤੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਦਾ ਮੇਜ਼ਬਾਨ ਦੇਸ਼ ਹੋਣ ਦੇ ਨਾਤੇ ਅਮਰੀਕਾ ’ਤੇ ਸਮਝੌਤਿਆਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ।
ਸੰਯੁਕਤ ਰਾਸ਼ਟਰ ਵਿਚ ਅਮਰੀਕੀ ਮਿਸ਼ਨ ਦੀ ਤਰਜਮਾਨ ਓਲਿਵੀਆ ਡੈਲਟਨ ਨੇ ਕਿਹਾ ਕਿ ਅਮਰੀਕਾ ਨੇ ਸੰਯੁਕਤ ਰਾਸ਼ਟਰ ਅਤੇ ਸੰਯੁਕਤ ਰਾਸ਼ਟਰ ਵਿਚ ਰੂਸ ਦੇ ਸਥਾਈ ਮਿਸ਼ਨ ਨੂੰ ਸੂਚਿਤ ਕਰ ਦਿੱਤਾ ਹੈ, ‘‘ਅਸੀਂ ਰੂਸੀ ਮਿਸ਼ਨ ਦੇ 12 ਖੁਫੀਆ ਆਪ੍ਰੇਟਿਵਜ਼, ਜਿਨ੍ਹਾਂ ਨੇ ਅਮਰੀਕਾ ਵਿਚ ਮਿਲੀ ਨਾਗਰਿਕਤਾ ਦਾ ਫਾਇਦਾ ਲੈਂਦੇ ਹੋਏ ਜਾਸੂਸੀ ਗਤੀਵਿਧੀਆਂ ’ਚ ਸ਼ਮੂਲੀਅਤ ਕੀਤੀ, ਨੂੰ ਕੱਢਣ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ।’’ ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਮਿਸ਼ਨ ਨੇ ਕਿਹਾ, ‘‘ਅਸੀਂ ਇਹ ਕਾਰਵਾਈ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਦੇ ਸਮਝੌਤੇ ਮੁਤਾਬਕ ਕਰ ਰਹੇ ਹਾਂ। ਇਹ ਕਾਰਵਾਈ ਕਈ ਮਹੀਨਿਆਂ ਤੋਂ ਜਾਰੀ ਸੀ।’’ ਉੱਧਰ, ਇਸ ਮਾਮਲੇ ਵਿਚ ਰੂਸ ਦੇ ਰਾਜਦੂਤ ਵੈਸਿਲੀ ਨੇਬੈਂਜ਼ੀਆ ਦੀ ਪ੍ਰਤੀਕਿਰਿਆ ਜਾਣਨ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਮਰੀਕਾ ਅਨੁਸਾਰ ਰੂਸੀ ਅਧਿਕਾਰੀ ਜਾਸੂਸੀ ਵਿਚ ਸ਼ਾਮਲ ਸਨ। ਉਨ੍ਹਾਂ ਕਿਹਾ, ‘‘ਜਦੋਂ ਵੀ ਉਹ ਕਿਸੇ ਵਿਅਕਤੀ ਨੂੰ ਕੱਢਦੇ ਹਨ ਤਾਂ ਇਹੀ ਬਹਾਨਾ ਬਣਾਉਂਦੇ ਹਨ। ਉਹ ਇਹੀ ਇਕ ਸਪੱਸ਼ਟੀਕਰਨ ਦਿੰਦੇ ਹਨ।’’ ਇਹ ਪੁੱਛੇ ਜਾਣ ’ਤੇ ਕਿ ਕੀ ਰੂਸ ਇਸ ਸਬੰਧੀ ਜਵਾਬੀ ਕਾਰਵਾਈ ਕਰੇਗਾ, ਉਨ੍ਹਾਂ ਕਿਹਾ, ‘‘ਇਹ ਮੈਂ ਤੈਅ ਨਹੀਂ ਕਰਨਾ ਹੈ ਪਰ ਕੂਟਨੀਤਕ ਪ੍ਰਕਿਰਿਆ ਵਿਚ ਇਹ ਆਮ ਗੱਲ ਹੈ।’’ ਨੇਬੈਂਜ਼ੀਆ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਰੂਸੀ ਮਿਸ਼ਨ ਖ਼ਿਲਾਫ਼ ਮੇਜ਼ਬਾਨ ਦੇਸ਼ ਦੇ ਇਕ ਹੋਰ ਦੁਸ਼ਮਣੀ ਭਰਪੂਰ ਕਦਮ ਬਾਰੇ ਹੁਣੇ ਸੂਚਨਾ ਮਿਲੀ ਹੈ। ਉਨ੍ਹਾਂ ਇਸ ਕਦਮ ਨੂੰ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਵਿਚਾਲੇ ਹੋਏ ਸਮਝੌਤੇ ਅਤੇ ਕੂਟਨੀਤਕ ਸਬੰਧਾਂ ਨੂੰ ਕੰਟਰੋਲ ਕਰਨ ਵਾਲੇ ਵੀਏਨਾ ਸਮਝੌਤੇ ਦੀ ਗੰਭੀਰ ਉਲੰਘਣਾ ਕਰਾਰ ਦਿੱਤਾ। ਨੇਬੈਂਜ਼ੀਆ ਦੇ ਇਸ ਬਿਆਨ ’ਤੇ ਬਾਅਦ ਵਿਚ ਅਮਰੀਕੀ ਰਾਜਦੂਤ ਰਿਚਰਡ ਮਿੱਲਜ਼ ਨੇ ਰਾਜਦੂਤਾਂ ਨੂੰ ਕੱਢਣ ਸਬੰਧੀ ਫ਼ੈਸਲੇ ਦੀ ਪੁਸ਼ਟੀ ਕੀਤੀ। -ਏਪੀ