ਲਾਹੌਰ, 16 ਮਈ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਉਨ੍ਹਾਂ ਦੇ ਮੁਲਕ ਨੂੰ ਹਮਲਾ ਕੀਤੇ ਬਿਨਾਂ ਹੀ ਗੁਲਾਮ ਬਣਾ ਲਿਆ ਹੈ ਅਤੇ ਦੇਸ਼ ਦੇ ਲੋਕ ਕਦੀ ਵੀ ਥੋਪੀ ਗਈ ਸਰਕਾਰ ਸਵੀਕਾਰ ਨਹੀਂ ਕਰਨਗੇ। ਸਾਬਕਾ ਕ੍ਰਿਕਟਰ ਤੇ ਸਿਆਸਤਦਾਨ 69 ਸਾਲਾ ਇਮਰਾਨ ਦੀ ਸਰਕਾਰ ਪਿਛਲੇ ਮਹੀਨੇ ਸੰਸਦ ’ਚ ਬੇਭਰੋਸਗੀ ਮਤਾ ਹਾਰਨ ਮਗਰੋਂ ਡਿੱਗ ਗਈ ਸੀ।
ਅਹੁਦੇ ਤੋਂ ਹਟਣ ਮਗਰੋਂ ਇਮਰਾਨ ਨੇ ਕਈ ਸ਼ਹਿਰਾਂ ’ਚ ਰੈਲੀਆਂ ਕੀਤੀਆਂ ਹਨ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੂੰ ‘ਗੱਦਾਰਾਂ ਤੇ ਭ੍ਰਿਸ਼ਟ ਲੋਕਾਂ’ ਦੀ ਸਰਕਾਰ ਦੱਸਿਆ ਹੈ। ਪੰਜਾਬ ਦੇ ਫ਼ੈਸਲਾਬਾਦ ਸ਼ਹਿਰ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਮਰੀਕਾ ਨੇ ਪਾਕਿਸਤਾਨ ਨੂੰ ਬਿਨਾਂ ਹਮਲਾ ਕੀਤੇ ਹੀ ਗੁਲਾਮ ਬਣਾ ਲਿਆ ਹੈ। ਪਾਕਿਸਤਾਨ ਦੇ ਲੋਕ ਕਦੀ ਵੀ ਥੋਪੀ ਹੋਈ ਸਰਕਾਰ ਸਵੀਕਾਰ ਨਹੀਂ ਕਰਨਗੇ।’ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਮੁਖੀ ਦੋਸ਼ ਲਾਇਆ ਕਿ ਅਮਰੀਕਾ ਆਪਣੇ ਹਿੱਤ ਦੇਖੇ ਬਿਨਾਂ ਦੂਜਿਆਂ ਦੀ ਮਦਦ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੋਂ ਭੀਖ ਮੰਗਣਗੇ ਤਾਂ ਜੋ ਉਹ (ਇਮਰਾਨ) ਮੁੜ ਸੱਤਾ ’ਚ ਨਾ ਆ ਸਕਣ। ਇਮਰਾਨ ਨੇ ਬਿਲਾਵਲ ਅਤੇ ਉਸ ਦੇ ਪਿਤਾ ਤੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ’ਤੇ ਭ੍ਰਿਸ਼ਟ ਹੋਣ ਤੇ ਸਾਰੀ ਦੁਨੀਆ ’ਚ ਆਪਣੀ ਦੌਲਤ ਲੁਕਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘ਕਿਉਂਕਿ ਬਿਲਾਵਲ ਦੀ ਸਾਰੀ ਦੌਲਤ ਮੁਲਕ ਤੋਂ ਬਾਹਰ ਹੈ, ਇਸ ਲਈ ਉਹ ਅਮਰੀਕਾ ਨੂੰ ਨਾਰਾਜ਼ ਕਰਨ ਦੀ ਹਿੰਮਤ ਨਹੀਂ ਕਰ ਸਕਦੇ, ਨਹੀਂ ਤਾਂ ਉਹ ਹਰ ਚੀਜ਼ ਗੁਆ ਬਹਿਣਗੇ।’ -ਪੀਟੀਆਈ
ਮਰੀਅਮ ਨੇ ਇਮਰਾਨ ਤੋਂ ਸਬੂਤ ਮੰਗੇ
ਲਾਹੌਰ: ਪਾਕਿਸਤਾਨ ’ਚ ਹਾਕਮ ਪਾਰਟੀ ਦੀ ਆਗੂ ਮਰੀਅਮ ਨਵਾਜ਼ ਨੇ ਚੁਣੌਤੀ ਦਿੱਤੀ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਕਥਿਤ ਹੱਤਿਆ ਦੀ ਸਾਜ਼ਿਸ਼ ਦੇ ਸਬੂਤ ਦਿਖਾ ਦੇਣ ਤਾਂ ਸਰਕਾਰ ਉਨ੍ਹਾਂ ਨੂੰ ਇਸ ਸਮੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਦਿੱਤੀ ਜਾ ਰਹੀ ਸੁਰੱਖਿਆ ਤੋਂ ਵੱਧ ਸੁਰੱਖਿਆ ਮੁਹੱਈਆ ਕਰੇਗੀ। ਉਨ੍ਹਾਂ ਦਾਅਵਾ ਕੀਤਾ, ‘ਮੈਨੂੰ ਭਰੋਸਾ ਹੈ ਕਿ ਵੀਡੀਓ ਦੀ ਗੱਲਬਾਤ ਇੱਕ ਹੋਰ ਝੂਠ ਹੈ ਅਤੇ ਮੈਂ ਇਮਰਾਨ ਨੂੰ ਗਾਰੰਟੀ ਦਿੰਦੀ ਹਾਂ ਕਿ ਮੇਰੇ ਪਿਤਾ ਨਵਾਜ਼ ਸ਼ਰੀਫ਼ ਦਾ ਦਿਲ ਬਹੁਤ ਵੱਡਾ ਹੈ ਅਤੇ ਉਹ ਤੁਹਾਡੇ ਲਈ ਸਾਡੇ ਪ੍ਰਧਾਨ ਮੰਤਰੀ ਨੂੰ ਦਿੱਤੀ ਜਾ ਰਹੀ ਸੁਰੱਖਿਆ ਤੋਂ ਵੀ ਜ਼ਿਆਦਾ ਸੁਰੱਖਿਆ ਦੇਣ ਦਾ ਬੰਦੋਬਸਤ ਕਰਨਗੇ।’ -ਪੀਟੀਆਈ
ਇਮਰਾਨ ਖਾਨ ਦੀ ਸੁਰੱਖਿਆ ਵਧਾਈ
ਇਸਲਾਮਾਬਾਦ: ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਉਨ੍ਹਾਂ ਦੀ ਹੱਤਿਆ ਦੀ ਸਾਜ਼ਿਸ਼ ਰਚੇ ਜਾਣ ਦਾ ਦਾਅਵਾ ਕੀਤੇ ਜਾਣ ਮਗਰੋਂ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ’ਚ ਵਾਧਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਲੋਕਾਂ ਨੂੰ ਇੱਕ ਵੀਡੀਓ ਸੁਨੇਹੇ ਰਾਹੀਂ ਸਾਜ਼ਿਸ਼ ਰਚਣ ਵਾਲਿਆਂ ਬਾਰੇ ਪਤਾ ਲੱਗ ਜਾਵੇਗਾ ਜੋ ਉਨ੍ਹਾਂ ਪਿੱਛੇ ਜਿਹੇ ਰਿਕਾਰਡ ਕਰਕੇ ਇੱਕ ਸੁਰੱਖਿਅਤ ਥਾਂ ’ਤੇ ਰੱਖੀ ਹੋਈ ਹੈ। ਇਮਰਾਨ ਖਾਨ ਦੇ ਦਾਅਵੇ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅੱਜ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੂੰ ਸਾਬਕਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। -ਪੀਟੀਆਈ