ਵਾਸ਼ਿੰਗਟਨ, 8 ਸਤੰਬਰ
ਅਮਰੀਕਾ ’ਚ ‘ਮਜ਼ਦੂਰ ਦਿਵਸ’ ਦੀ ਛੁੱਟੀ ਮੌਕੇ ਰਾਸ਼ਟਰਪਤੀ ਚੋਣਾਂ ਲਈ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਵਿਰੋਧੀ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਵੱਲੋਂ ਇਕ-ਦੂਜੇ ਖ਼ਿਲਾਫ਼ ਸ਼ਬਦੀ ਜੰਗ ਤੇਜ਼ ਕਰ ਦਿੱਤੀ ਗਈ ਹੈ। ਵਾਈਟ ਹਾਊਸ ’ਚ ਮੀਡੀਆ ਕਾਨਫਰੰਸ ਮੌਕੇ ਸ੍ਰੀ ਟਰੰਪ ਨੇ ਕਿਹਾ,‘ਬਾਇਡਨ ਤੇ ਉਨ੍ਹਾਂ ਦੀ ਸਹਿਯੋਗੀ ਕਮਲਾ ਹੈਰਿਸ ਮੇਰੀ ਰਾਇ ਮੁਤਾਬਕ ਮੁਕਾਬਲੇ ਦੇ ਯੋਗ ਨਹੀਂ , ਉਹ ਇਸ ਮੁਲਕ ਨੂੰ ਤਬਾਹ ਕਰ ਦੇਵੇਗੀ ਤੇ ਅਰਥਵਿਵਸਥਾ ਨੂੰ ਬਰਬਾਦ ਕਰ ਦੇਵੇਗੀ।’ ਉਨ੍ਹਾਂ ਬਾਇਡਨ ਨੂੰ ‘ਬੇਵਕੂਫ਼’ ਵੀ ਆਖਿਆ। ਇਸ ਦੌਰਾਨ ਕਮਲਾ ਹੈਰਿਸ ਅਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਵਿਸਕਾਨਸਿਨ ਵਿੱਚ ਮੁਹਿੰਮ ਚਲਾਈ।
ਇਸ ਸੂਬੇ ਵਿੱਚ ਟਰੰਪ ਨੂੰ ਸਾਲ 2016 ਵਿੱਚ ਕਾਫੀ ਘੱਟ ਫ਼ਰਕ ਨਾਲ ਜਿੱਤ ਮਿਲੀ ਸੀ। ਇਹ ਸਾਰੇ ਪ੍ਰੋਗਰਾਮ ਕੋਵਿਡ-19 ਮਹਾਮਾਰੀ ਦੌਰਾਨ ਹੋ ਰਹੇ ਹਨ ਜਿਸ ਨੇ ਹਰ ਤਰ੍ਹਾਂ ਦੀਆਂ ਚੋਣ ਮੁਹਿੰਮਾਂ ’ਤੇ ਰੋਕ ਲਗਾ ਦਿੱਤੀ ਹੈ ਤੇ ਬਾਇਡਨ ਤੇ ਹੈਰਿਸ ਨੂੰ ਖ਼ਾਸ ਤੌਰ ’ਤੇ ਜ਼ਿਆਦਾਤਰ ਰਵਾਇਤੀ ਚੋਣ ਗਤੀਵਿਧੀ ਆਨਲਾਈਨ ਹੀ ਕਰਨੀ ਪੈ ਰਹੀ ਹੈ।
-ਆਈਏਐੱਨਐੱਸ