ਵਾਸ਼ਿੰਗਟਨ, 22 ਜੂਨ
ਅਮਰੀਕਾ ਦੀ ਇੱਕ ਸੰਘੀ ਅਦਾਲਤ ਪਾਕਿਸਤਾਨੀ ਮੂਲ ਦੇ ਕੈਨੇਡਿਆਈ ਕਾਰੋਬਾਰੀ ਤਹੱਵੁਰ ਰਾਣਾ ਦੀ ਵਿਅਕਤੀਗਤ ਹਵਾਲਗੀ ਸਬੰਧੀ ਸੁਣਵਾਈ ਵੀਰਵਾਰ ਨੂੰ ਕਰੇਗੀ। ਭਾਰਤ ਨੇ ਸਾਲ 2008 ਦੇ ਮੁੰਬਈ ਅਤਿਵਾਦੀ ਹਮਲੇ ਵਿੱਚ ਰਾਣਾ ਦੀ ਸ਼ਮੂਲੀਅਤ ਕਾਰਨ ਉਸ ਦੀ ਹਵਾਲਗੀ ਮੰਗੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਤੋਂ ਅਧਿਕਾਰੀਆਂ ਦੀ ਇੱਕ ਟੀਮ ਅਦਾਲਤੀ ਕਾਰਵਾਈ ਲਈ ਅਮਰੀਕਾ ਪਹੁੰਚ ਗਈ ਹੈ।
ਲਾਸ ਏਂਜਲਸ ਦੇ ਜ਼ਿਲ੍ਹਾ ਜੱਜ ਜੈਕਲੀਨ ਚੂਲਜੀਆਂ ਨੇ 59 ਸਾਲ ਦੇ ਰਾਣਾ ਦੀ ਭਾਰਤ ਨੂੰ ਵਿਅਕਤੀਗਤ ਹਵਾਲਗੀ ਸਬੰਧੀ ਸੁਣਵਾਈ 22 ਅਪਰੈਲ ਤੋਂ 24 ਜੂਨ ਤੱਕ ਚਲਾਉਣ ਦੇ 5 ਅਪਰੈਲ ਨੂੰ ਆਦੇਸ਼ ਦਿੱਤੇ ਸਨ। ਰਾਣਾ 2008 ਮੁੰਬਈ ਅਤਿਵਾਦੀ ਹਮਲੇ ਵਿੱਚ ਸ਼ਮੂਲੀਅਤ ਦੇ ਮਾਮਲੇ ਵਿੱਚ ਭਾਰਤ ਨੂੰ ਲੋੜੀਂਦਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਰਾਣਾ ਦੀ ਹਵਾਲਗੀ ਭਾਰਤ ਅਤੇ ਅਮਰੀਕਾ ਦਰਮਿਆਨ ਹੋਏ ਹਵਾਲਗੀ ਸਮਝੌਤੇ ਮੁਤਾਬਕ ਹੈ। ਅਮਰੀਕਾ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਰਾਣਾ ਦੀ ਹਵਾਲਗੀ ਸਬੰਧੀ ਭਾਰਤ ਸਾਰੇ ਮਾਪਦੰਡ ਪੂਰਾ ਕਰਦਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਹਵਾਲਗੀ ਅਪੀਲ ਵਿੱਚ ਸੰਭਾਵਿਤ ਕਾਰਨ ਸਥਾਪਤ ਕਰਨ ਲਈ ਲੋੜੀਂਦੇ ਸਬੂਤ ਹਨ ਅਤੇ ਰਾਣਾ ਨੇ ਭਾਰਤ ਦੀ ਅਪੀਲ ਨੂੰ ਖਾਰਜ ਕਰਨ ਲਈ ਕੋਈ ਸਬੂਤ ਨਹੀਂ ਦਿੱਤਾ। ਰਾਣਾ ਮੁੱਖ ਦੋਸ਼ੀ ਡੇਵਿਡ ਕੋਲਮੈਨ ਹੈਡਲੀ ਦਾ ਬਚਪਨ ਦਾ ਦੋਸਤ ਹੈ। ਭਾਰਤ ਦੀ ਅਪੀਲ ’ਤੇ ਰਾਣਾ ਨੂੰ ਮੁੰਬਈ ਅਤਿਵਾਦੀ ਹਮਲੇ ਵਿੱਚ ਸ਼ਮੂਲੀਅਤ ਦੇ ਦੋਸ਼ ਵਿੱਚ ਲਾਸ ਏਂਜਲਸ ਵਿੱਚ ਦਸ ਜੂਨ 2020 ਨੂੰ ਮੁੜ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁੰਬਈ ਹਮਲੇ ਵਿੱਚ ਛੇ ਅਮਰੀਕੀ ਨਾਗਰਿਕਾਂ ਸਣੇ 166 ਲੋਕ ਮਾਰੇ ਗਏ ਸਨ। -ਪੀਟੀਆਈ