ਵਾਸ਼ਿੰਗਟਨ, 16 ਨਵੰਬਰ
ਅਮਰੀਕਾ ਨੇ ਰੂਸ ਵੱਲੋਂ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਐੱਸ-400 ਮਿਜ਼ਾਈਲ ਪ੍ਰਣਾਲੀ ਭਾਰਤ ਨੂੰ ਸਪਲਾਈ ਕੀਤੇ ਜਾਣ ’ਤੇ ਚਿੰਤਾ ਜ਼ਾਹਿਰ ਕੀਤੀ ਹੈ ਪਰ ਇਸ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ ਕਿ ਉਹ ਇਸ ਸੌਦੇ ਨਾਲ ਕਿਵੇਂ ਨਜਿੱਠੇਗਾ। ਪੈਂਟਾਗਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਕਹੀ।
ਐੱਸ-400 ਨੂੰ ਲੰਮੀ ਦੂਰੀ ਦੀ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਰੂਸ ਦੀ ਸਭ ਤੋਂ ਆਧੁਨਿਕ ਹਥਿਆਰ ਪ੍ਰਣਾਲੀ ਮੰਨਿਆ ਜਾਂਦਾ ਹੈ। ਇਸ ਸਪਲਾਈ ’ਤੇ ਭਾਰਤੀ ਹਵਾਈ ਸੈਨਾ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ ਪਰ ਰੂਸ ਦੀ ਫੌਜੀ ਤਕਨੀਕ ਸਹਿਯੋਗ ਲਈ ਸੰਘੀ ਸੇਵਾ (ਐੱਫਐੱਸਐੱਮਟੀਸੀ) ਦੇ ਡਾਇਰੈਕਟਰ ਦਮਿੱਤਰੀ ਸ਼ੁਗਾਏਵ ਨੇ ਮੀਡੀਆ ਨੂੰ ਪਿਛਲੇ ਹਫ਼ਤੇ ਦੱਸਿਆ ਸੀ ਕਿ ਇਸ ਮਿਜ਼ਾਈਲ ਦੀ ਸਪਲਾਈ ਯੋਜਨਾਬੱਧ ਢੰਗ ਨਾਲ ਕੀਤੀ ਜਾ ਰਹੀ ਹੈ। ਪੈਂਟਾਗਨ ਦੇ ਬੁਲਾਰੇ ਜੌਹਨ ਕਿਰਬੀ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ, ‘ਅਸੀਂ ਇਸ ਤਕਨੀਕ ਨੂੰ ਲੈ ਕੇ ਆਪਣੀ ਚਿੰਤਾ ਆਪਣੇ ਭਾਰਤੀ ਭਾਈਵਾਲਾਂ ਕੋਲ ਬਹੁਤ ਸਪੱਸ਼ਟ ਢੰਗ ਨਾਲ ਜਤਾ ਚੁੱਕੇ ਹਾਂ।’ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਰੱਖਿਆ ਵਿਭਾਗ ਭਾਰਤ ਨੂੰ ਐੱਸ-400 ਦੀ ਪਹਿਲੀ ਖੇਪ ਮਿਲਣ ਤੋਂ ਕਿੰਨਾ ਫਿਕਰਮੰਦ ਹੈ। ਹਾਲਾਂਕਿ ਕਿਰਬੀ ਨੇ ਸੰਕੇਤ ਦਿੱਤਾ ਕਿ ਅਮਰੀਕਾ ਨੇ ਅਜੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ ਕਿ ਭਾਰਤ ਤੇ ਰੂਸ ਵਿਚਾਲੇ ਲੈਣ-ਦੇਣ ਨਾਲ ਕਿਵੇਂ ਨਜਿੱਠਿਆ ਜਾਵੇ। ਉਨ੍ਹਾਂ ਕਿਹਾ, ‘ਸਾਨੂੰ ਉਸ ਪ੍ਰਣਾਲੀ ਨੂੰ ਲੈ ਕੇ ਲਾਜ਼ਮੀ ਤੌਰ ’ਤੇ ਚਿੰਤਾ ਹੈ ਪਰ ਮੇਰੇ ਕੋਲ ਤੁਹਾਡੇ ਲਈ ਕੋਈ ਤਾਜ਼ਾ ਜਾਣਕਾਰੀ ਨਹੀਂ ਹੈ।’ -ਪੀਟੀਆਈ