ਵਾਸ਼ਿੰਗਟਨ: ਭਾਰਤ ਤੇ ਚੀਨ ਦਰਮਿਆਨ ਜਾਰੀ ਸਰਹੱਦੀ ਵਿਵਾਦ ਦਰਮਿਆਨ ਬਾਇਡਨ ਪ੍ਰਸ਼ਾਸਨ ਨੇ ਪੇਈਚਿੰਗ ਵੱਲੋਂ ਆਪਣੇ ਗੁਆਂਢੀਆਂ ਨੂੰ ‘ਡਰਾਉਣ-ਦਬਕਾਉਣ’ ਦੀਆਂ ਮੌਜੂਦਾ ਕੋਸ਼ਿਸ਼ਾਂ ’ਤੇ ਫ਼ਿਕਰਮੰਦੀ ਜ਼ਾਹਿਰ ਕੀਤੀ ਹੈ। ਨਵੇਂ ਸਦਰ ਜੋਅ ਬਾਇਡਨ ਦੀ ਅਗਵਾਈ ਅਮਰੀਕੀ ਪ੍ਰਸ਼ਾਸਨ ਨੇ ਕਿਹਾ ਕਿ ਉਹ ਪੂਰੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਪ੍ਰਸ਼ਾਸਨ ਦੇ ਸਿਖਰਲੇ ਅਧਿਕਾਰੀ ਨੇ ਕਿਹਾ ਕਿ ਰਣਨੀਤਕ ਪੱਖੋਂ ਅਹਿਮ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਅਮਰੀਕਾ ਆਪਣੇ ਭਾਈਵਾਲਾਂ ਨਾਲ ਖੜ੍ਹਾ ਹੈ। ਵ੍ਹਾਈਟ ਹਾਊਸ ਦੀ ਕੌਮੀ ਸੁਰੱਖਿਆ ਕੌਂਸਲ (ਐੱਨਐੱਸਸੀ) ਦੀ ਤਰਜਮਾਨ ਐਮਿਲੀ ਜੇ.ਹੋਰਨੇ ਨੇ ਕਿਹਾ, ‘ਅਸੀਂ ਹਾਲਾਤ ਨੂੰ ਨੇੜਿਓਂ ਵਾਚ ਰਹੇ ਹਾਂ। ਭਾਰਤ ਤੇ ਚੀਨ ਦੀਆਂ ਸਰਕਾਰਾਂ ਦਰਮਿਆਨ ਚੱਲ ਰਹੀ ਗੱਲਬਾਤ ਸਾਡੇ ਧਿਆਨ ਵਿੱਚ ਹੈ। ਤੇ ਅਸੀਂ ਸਰਹੱਦੀ ਵਿਵਾਦਾਂ ਦਾ ਸਿੱਧੇ ਸੰਵਾਦ ਜ਼ਰੀਏ ਤੇ ਸ਼ਾਂਤੀਪੂਰਵਕ ਹੱਲ ਕੱਢੇ ਜਾਣ ਦੀ ਹਮਾਇਤ ਕਰਦੇ ਰਹਾਂਗੇ।’ ਚੀਨ ਵੱਲੋਂ ਭਾਰਤੀ ਖੇਤਰ ਵਿੱਚ ਕੀਤੀ ਹਾਲੀਆ ਘੁਸਪੈਠ ਤੇ ਕੁਝ ਖੇਤਰ ’ਤੇ ਕਬਜ਼ੇ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਹੋਰਨੇ ਨੇ ਕਿਹਾ, ‘ਅਮਰੀਕਾ, ਚੀਨ ਵੱਲੋਂ ਆਪਣੇ ਗੁਆਂਢੀਆਂ ਨੂੰ ਦਬਕਾਉਣ ਦੀਆਂ ਮੌਜੂਦਾ ਕੋਸ਼ਿਸ਼ਾਂ ਤੋਂ ਫਿਕਰਮੰਦ ਹੈ। ਅਸੀਂ ਆਪਣੇ ਦੋਸਤਾਂ, ਭਾਈਵਾਲਾਂ ਤੇ ਸਾਥੀਆਂ ਦੀ ਪਿੱਠ ’ਤੇ ਖੜ੍ਹਦਿਆਂ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਸਾਡੀ ਸਾਂਝੀ ਖੁਸ਼ਹਾਲੀ, ਸੁਰੱਖਿਆ ਤੇ ਸਿਧਾਂਤਾਂ ਨੂੰ ਅੱਗੇ ਲੈ ਕੇ ਜਾਵਾਂਗੇ।’ ਭਾਰਤ ਤੇ ਚੀਨ ਸਰਹੱਦੀ ਵਿਵਾਦ ਦਰਮਿਆਨ ਬਾਇਡਨ ਪ੍ਰਸ਼ਾਸਨ ਦੀ ਇਹ ਪਹਿਲੀ ਪ੍ਰਤੀਕਿਰਿਆ ਹੈ।
-ਪੀਟੀਆਈ